ਭੁੰਨਰਹੇੜੀ/ਪਟਿਆਲਾ, 20 ਦਸੰਬਰ (ਕ੍ਰਿਸ਼ਨ ਗਿਰ) : ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦੇ ਚੱਲੇ ਇਕ ਸਾਲ ਤੋਂ ਵਧ ਦੇ ਸੰਘਰਸ਼ ਦੌਰਾਨ ਕਿਸਾਨਾਂ ਹੀ ਨਹੀਂ ਸਗੋਂ ਹਰ ਵਰਗ ਨੇ ਬੜਾ ਸਹਿਯੋਗ ਦਿੱਤਾ ਅਤੇ ਅਖੀਰ ਪ੍ਰਧਾਨ ਮੰਤਰੀ ਨੂੰ ਖੇਤੀ ਕਾਨੂੰਨ ਰੱਦ ਕਰਨੇ ਹੀ ਪਏ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਰਿੰਦਰ ਸਿੰਘ ਲੇਹਲਾਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਪਿੰਡ ਪਰੋੜ ਵਿਖੇ ਮਾਇਆ ਦੇਵੀ ਦੀ ਅਗਵਾਈ ਹੇਠ
ਪੰਚਾਇਤ ਵਲੋਂ ਕਿਸਾਨ ਆਗੂਆਂ ਦੇ ਸਨਮਾਨ ਲਈ ਆਯੋਜਿਤ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਨਰਿੰਦਰ ਲੇਹਲਾਂ ਨੇ ਕਿਹਾ ਕਿ ਪ੍ਰਧਾਨ ਨਰਿੰਦਰ ਮੋਦੀ ਵਲੋਂ ਬਣਾਏ ਖੇਤੀ ਕਾਨੂੰਨਾਂ ਨਾਲ ਖੇਤੀ ਤਬਾਹ ਹੋ ਗਈ ਸੀ ਪਰ ਕਿਸਾਨਾਂ ਵਲੋਂ ਮੀਂਹ, ਹਨੇਰੀ ਅਤੇ ਗਰਮੀ, ਸਰਦੀ ਦੀ ਪ੍ਰਵਾਹ ਕੀਤੇ ਬਿਨਾਂ ਕਿਸਾਨਾਂ ਨੇ ਬੜੇ ਹੌਂਸਲੇ ਨਾਲ ਸੰਘਰਸ਼ ਕੀਤਾ, ਜਿਸ ਲਈ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜਮ, ਬੱਚੇ, ਔਰਤਾਂ ਅਤੇ ਬਜ਼ੁਰਗਾਂ ਨੇ 700 ਤੋਂ ਵਧ ਕਿਸਾਨਾਂ ਦੀਆਂ ਕੁਰਬਾਨੀਆਂ ਦੇ ਬਾਵਜੂਦ ਸਭ ਡਟੇ ਰਹੇ ਅਤੇ ਅਖੀਰ ਮੋਦੀ ਨੂੰ ਝੁੱਕਣਾ ਪਿਆ ਅਤੇ ਕਾਲੇ ਕਾਨੂੰਨ ਰੱਦ ਕਰ ਦਿੱਤੇ ਗਏ।
ਇਸ ਮੌਕੇ ਗੁਰਚਰਨ ਸਿੰਘ ਪਰੋੜ, ਮੰਗਾ ਸਰਪੰਚ, ਹਰਪਾਲ ਸਿੰਘ ਰੱਤਾਖੇੜਾ, ਭੁਪਿੰਦਰ ਸਿੰਘ ਦੂਧਨਸਾਧਾਂ, ਗੁਰਭੇਜ ਸਿੰਘ ਭਸਮੜਾ, ਨਸੀਬ ਸਿੰਘ ਗੁੱਥਮੜਾ, ਜੀਵਨ ਸਿੰਘ ਬ੍ਰਹਮਪੁਰ, ਕਰਮਜੀਤ ਸਿੰਘ ਜਲਾਲਾਬਦ ਵੀ ਹਾਜ਼ਰ ਸਨ।