
ਫਰੀਦਕੋਟ, 25 ਸਤੰਬਰ (ਬਿਊਰੋ) : ਸੂਬੇ ਅੰਦਰ ਵੀ.ਆਈ.ਪੀ. ਕਲਚਰ ਨੂੰ ਖਤਮ ਕਰਨ, ਔਰਤਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਅਤੇ ਹੋਰ ਕਈ ਤਰ੍ਹਾਂ ਦੀਆਂ ਗਰੰਟੀਆਂ ਨੂੰ ਪੂਰਾ ਕਰਨ ਦੇ ਵਾਅਦੇ ਨਾਲ ਆਮ ਆਦਮੀ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ। ਰਾਜ ਦੇ ਲੋਕਾਂ ਨੇ ਪਾਰਟੀ ਦੇ ਵਾਅਦਿਆਂ ਉਪਰ ਪੂਰਨ ਯਕੀਨ ਕਰਦੇ ਹੋਏ ‘ਆਪ’ ਨੂੰ 92 ਵਿਧਾਇਕ ਜਿੱਤਾ ਕੇ ਪਾਰਟੀ ਨੂੰ ਇਤਿਹਾਸਕ ਜਿੱਤ ਦਿਲਵਾਈ ਸੀ। ਸੂਬੇ ਦੇ ਲੋਕਾਂ ਦੇ ਦਿਲਾਂ ਵਿੱਚ ਉਮੀਦ ਦੀ ਭਾਰੀ ਕਿਰਨ ਜਾਗੀ ਸੀ। ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਸਾਰੇ ਵਾਅਦਿਆਂ ਵਿਚੋਂ ਸਭ ਤੋਂ ਸੌਖਾ ਪੂਰਾ ਕਰਨ ਵਾਲਾ ਵਾਅਦਾ ਵੀ.ਆਈ.ਪੀ. ਕਲਚਰ ਨੂੰ ਖਤਮ ਕਰਨ ਦਾ ਸੀ। ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ’ਤੇ ਭੋਰਾ ਵੀ ਪੂਰਾ ਨਹੀਂ ਉਤਰ ਸਕੀ। ਨਵੇਂ ਬਣਾਏ ਗਏ ਮੰਤਰੀਆਂ ਵਿਚੋਂ ਕਈਆਂ ਨੇ ਆਪਣੇ ਲਈ ਅਲਾਟ ਕੀਤੀਆਂ ਕੋਠੀਆਂ ਨੂੰ ਛੋਟੀਆਂ ਕਹਿ ਕੇ ਇਤਰਾਜ਼ ਜਤਾਇਆ। ਕਈ ਮੰਤਰੀਆਂ, ਵਿਧਾਇਕਾਂ, ਉਨ੍ਹਾਂ ਦੇ ਪਰਿਵਾਰ ਮੈਂਬਰਾਂ ਵੱਲੋਂ ਸਿਵਲ ਤੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਜਨਤਕ ਤੌਰ ’ਤੇ ਜ਼ਲੀਲ ਕੀਤਾ ਗਿਆ। ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰਾਂ ਅਤੇ ਘੜੰਮ ਚੌਧਰੀਆਂ ਨੇ ਥਾਣਾ ਮੁਖੀਆਂ ਨੂੰ ਆਪਣਾ ਰਸੂਖ ਦਿਖਾ ਕੇ ਆਪਣੇ ਚਹੇਤਿਆਂ ਦਾ ਪੱਖ ਪੂਰਨ ਲਈ ਕਿਹਾ ਜਾਂਦਾ ਰਿਹਾ ਹੈ। ‘ਆਪ’ ਦੇ ਨੁਮਾਇੰਦਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਕਦੇ ਵੀ.ਸੀ., ਕਦੇ ਡੀ.ਸੀ. ਅਤੇ ਡੀ.ਸੀ.ਪੀ. ਆਦਿ ਨੂੰ ਜਨਤਕ ਤੌਰ ’ਤੇ ਜ਼ਲੀਲ ਕੀਤਾ ਜਾਂਦਾ ਹੈ। ‘ਆਪ’ ਨੇ ਵੀ.ਆਈ.ਪੀ. ਕਲਚਰ ਨੂੰ ਖਤਮ ਤਾਂ ਕੀ ਕਰਨਾ ਸੀ ਸਗੋਂ ਆਪਣੇ ਆਪਣੇ ਪਰਿਵਾਰਾਂ ਅਤੇ ਹੋਰਨਾਂ ਚਹੇਤਿਆਂ ਲਈ ਵੀ.ਆਈ.ਪੀ. ਟਰੀਟਮੈਂਟ ਦੀ ਮੰਗ ਕਰਨੀ ਸ਼ੁਰੂ ਕਰ ਦਿਤੀ ਹੈ। ਮਹਾਨ ਸੂਫੀ ਸੰਤ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਸਬੰਧੀ ਆਯੋਜਿਤ ਕੀਤੇ ਜਾਣ ਵਾਲੇ ਮੇਲੇ ਸਬੰਧੀ ਫਰੀਦਕੋਟ ਡਿਵੀਜਨ ਦੇ ਕਮਿਸ਼ਨਰ ਚੰਦਰ ਗੈਂਦ ਆਈ.ਏ.ਐਸ. ਦੀ ਯੋਗ ਅਗਵਾਈ ਅਤੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐਸ. ਦੀ ਪ੍ਰਬੰਧਕੀ ਕਾਰਜ ਕੁਸ਼ਲਤਾ ਨਾਲ ਮੇਲਾ ਸ਼ਾਨੋ-ਸ਼ੌਕਤ ਅਤੇ ਸੁਚੱਜੇ ਪ੍ਰਬੰਧਾਂ ਨਾਲ ਸੰਪੂਰਨ ਹੋ ਗਿਆ ਹੈ। ਇਮਾਨਦਾਰੀ, ਨੇਕ ਨੀਤੀ ਅਤੇ ਪ੍ਰਸ਼ਾਸਨਿਕ ਕਾਰਜ ਕੁਸ਼ਲਤਾ ਲਈ ਜਾਣੀ ਜਾਂਦੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਬੜੀ ਲਗਨ ਤੇ ਮਿਹਨਤ ਨਾਲ ਮੇਲੇ ਨੂੰ ਨੇਪੜੇ ਚਾੜਿਆ ਹੈ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਮੇਲੇ ਦੇ ਸਫਲ ਪ੍ਰਬੰਧਾਂ ਲਈ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਢੋਸੀਵਾਲ ਨੇ ਅੱਗੇ ਕਿਹਾ ਹੈ ਕਿ ਹਲਕਾ ਵਿਧਾਇਕ ਦੀ ਧਰਮ ਪਤਨੀ ਵੱਲੋਂ ਮੇਲੇ ਸਮੇਂ ਆਪਣੇ ਸਾਥੀਆਂ ਲਈ ‘‘ਸਰਤਾਜ ਨਾਇਟ’’ ਦੌਰਾਨ ਕੁਰਸੀਆਂ ਦਾ ਪ੍ਰਬੰਧ ਨਾ ਹੋਣ ਕਾਰਨ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੂੰ ਮੰਤਰੀ ਅਤੇ ਕਈ ਹੋਰ ਅਧਿਕਾਰੀਆਂ ਸਾਹਮਣੇ ਜਨਤਕ ਤੌਰ ’ਤੇ ਜ਼ਲੀਲ ਕੀਤਾ ਗਿਆ ਜੋ ਬੇਹੱਦ ਮੰਗਭਾਗੀ ਘਟਨਾ ਹੈ। ਪਤਾ ਨਹੀਂ ਵਿਧਾਇਕ ਦੀ ਪਤਨੀ ਵੱਲੋਂ ਅਜਿਹਾ ਕਦਮ ਉਠਾ ਕੇ ਵੀ.ਆਈ.ਪੀ. ਕਲਚਰ ਨੂੰ ਖਤਮ ਕਰਨ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਪਾਇਆ ਗਿਆ ਹੈ? ਢੋਸੀਵਾਲ ਨੇ ਮੁੱਖ ਮੰਤਰੀ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਮੰਤਰੀਆਂ, ਵਿਧਾਇਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਪਾਰਟੀ ਵਰਕਰਾਂ ਨੂੰ ਸਖਤ ਚਿਤਾਵਨੀ ਅਤੇ ਨਸੀਹਤ ਦਿੱਤੀ ਜਾਵੇ ਅਤੇ ਸਰਕਾਰੀ ਅਧਿਕਾਰੀਆਂ ਨੂੰ ਕਿਸੇ ਹਾਲਤ ਵੀ ਜ਼ਲੀਲ ਨਾ ਕੀਤਾ ਜਾਵੇ ਅਤੇ ਵੀ.ਆਈ.ਪੀ. ਟਰੀਟਮੈਂਟ ਦੀ ਮੰਗ ਨਾ ਕੀਤੀ ਜਾਵੇ। ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮੇਲੇ ਦੇ ਸਫਲ ਪ੍ਰਬੰਧਾਂ ਲਈ ਉਨ੍ਹਾਂ ਦੀ ਸੰਸਥਾ ਵੱਲੋਂ ਕਮਿਸ਼ਨਰ ਚੰਦਰ ਗੈਂਦ ਅਤੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਜਾਵੇਗੀ।