
ਜੰਡਿਆਲਾ ਗੁਰੂ, 09 ਜਨਵਰੀ (ਕੰਵਲਜੀਤ ਸਿੰਘ) : ਅੱਜ ਸੰਤ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿਖੇ ਪੁਲਿਸ ਅਧਿਕਾਰੀਆਂ ਵਲੋਂ ਸੜਕ ਸੁਰੱਖਿਆ ਕੈਂਪ ਲਗਾਇਆ ਗਿਆ। ਜਿਸ ਵਿਚ ਅਸਿਸਟੈਂਟ ਇੰਦਰਮੋਹਨ ਸਿੰਘ (ਇੰਚਾਰਜ ਸੜਕ ਸੁਰੱਖਿਆ ਸੈੱਲ ਅੰਮ੍ਰਿਤਸਰ ਰੂਰਲ) ਅਤੇ ਅਸਿਸਟੈਂਟ ਮੇਜਰ ਸਿੰਘ ਵਲੋਂ ਬੱਚਿਆਂ ਨੂੰ ਸੜਕ ਤੇ ਚਲਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਨਿਯਮਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਅਸਿਸਟੈਂਟ ਇੰਦਰਮੋਹਨ ਸਿੰਘ ਨੇ ਦਸਿਆ ਕਿ ਸੜਕ ਤੇ ਹਮੇਸ਼ਾ ਪੈਦਲ ਚਲਦੇ ਸਮੇਂ ਆਪਣੇ ਹੱਥ ਭਾਵ ਕਿ ਖੱਬੇ ਹੱਥ ਚੱਲਣਾ ਚਾਹੀਦਾ ਹੈ ਅਤੇ ਕਿਸੇ ਵੀ ਵਾਹਨ ਨੂੰ ਚਲਾਉਂਦੇ ਸਮੇਂ ਸੱਜੇ ਹੱਥ ਚਲਦੇ ਹੋਏ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰੇ। ਉਹਨਾਂ ਦਸਿਆ ਕਿ ਸੜਕ ਤੇ ਕਦੇ ਵੀ ਭੀੜ ਨਾ ਪਾਈ ਜਾਵੇ ਤਾਂ ਜੋ ਜਾਮ ਇਕੱਠਾ ਨਾ ਹੋ ਸਕੇ।
ਉਹਨਾਂ ਨੇ ਦਸਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਡੇ ਕੋਲ ਚਾਰ ਜਰੂਰੀ ਦਸਤਾਵੇਜਾਂ ( ਡਰਾਈਵਿੰਗ ਲਾਇਸੈਂਸ, ਇਨਸ਼ੋਰੈਂਸ, ਪ੍ਰਦੂਸ਼ਣ ਅਤੇ ਵਾਹਨ ਦੀ RC)ਦਾ ਹੋਣਾ ਲਾਜ਼ਮੀ ਬਣਾਇਆ ਜਾਵੇ। ਸੜਕ ਤੇ ਦੋ ਪਹੀਆ ਵਾਹਨ ਤੇ ਤਿੰਨ ਚਾਰ ਜਾਣੇ ਨਾ ਬੈਠਣ ਤਾਂ ਜੋ ਆਪਣੇ ਨਾਲ ਨਾਲ ਦੂਜਿਆਂ ਦੀ ਜਾਨ ਦੀ ਵੀ ਸੁਰੱਖਿਆ ਕੀਤੀ ਜਾ ਸਕੇ। ਗੱਡੀ ਆਦਿ ਚਲਾਉਂਦੇ ਸਮੇਂ ਆਪਣੀ ਸੀਟ ਬੈਲਟ ਲਗਾਉਣ ਦਾ ਵੀ ਜਰੂਰ ਧਿਆਨ ਰੱਖਿਆ ਜਾਵੇ।
ਇਸਦੇ ਨਾਲ ਹੀ ਉਹਨਾਂ ਨੇ ਸਕੂਲ ਦੇ ਬੱਸ ਡਰਾਈਵਰਾਂ ਨੂੰ ਵੀ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕੀਤਾ ਅਤੇ ਸਕੂਲ ਬਸਾਂ ਤੇ ਰਿਫਲੈਕਟਰ ਵੀ ਲਗਵਾਏ। ਅੰਤ ਸਕੂਲ ਦੇ ਪ੍ਰਧਾਨ ਸ ਅਮੋਲਕ ਸਿੰਘ ਅਤੇ ਸ ਫਿੰਦਰਜੀਤ ਸਿੰਘ ਜੀ ਅਤੇ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਨੇ ਆਈ ਹੋਈ ਟੀਮ ਦਾ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਅਤੇ ਸਮੇਂ ਸਮੇਂ ਤੇ ਅਜਿਹੇ ਕੈਂਪ ਲਗਾਉਦੇ ਰਹਿਣ ਲਈ ਕਿਹਾ।