ਜਲੰਧਰ, 17 ਦਸੰਬਰ (ਹਰਜਿੰਦਰ ਸਿੰਘ) : ਯੂਥ ਅਕਾਲੀ ਦਲ ਅਤੇ ਵਪਾਰ ਸੈਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਵਲੋਂ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ । ਇਸ ਦੋਰਾਨ ਵਾਰਡ ਨੰ W/P 132 ਬਸਤੀ ਸ਼ੇਖ ਵਿੱਖੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਸ.ਮਨਜੀਤ ਸਿੰਘ ਟੀਟੂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਐੱਮ.ਐੱਲ.ਏ. ਸੁਸ਼ਿਲ ਰਿੰਕੂ ਦੀ ਅਗਵਾਈ ਹੇਠ ਕਾਂਗਰਸ ’ਚ ਸ਼ਾਮਲ ਹੋ ਗਏ।
ਦੱਸਣਯੋਗ ਗੱਲ ਇਹ ਹੈ ਕਿ ਸ. ਮਨਜੀਤ ਸਿੰਘ ਟੀਟੂ ਜੋ ਪਿਛਲੇ ਕਰੀਬ 35 ਸਾਲਾਂ ਤੋਂ ਅਕਾਲੀ ਦਲ ਵਿੱਚ ਰਹਿ ਕੇ ਅਕਾਲੀ ਦਲ ਦੀ ਸੇਵਾ ਕਰਦੇ ਰਹੇ। ਸ.ਮਨਜੀਤ ਸਿੰਘ ਟੀਟੂ ਨੇ ਆਪ ਅਤੇ ਇਨ੍ਹਾਂ ਦੇ ਪਰਿਵਾਰ ਨੇ ਸਾਰੀ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਲੇਖੇ ਲਾਈ ਅਤੇ ਇਨਾਂ ਦੇ ਪਿਤਾ ਸਰਦਾਰ ਅਰਜਨ ਸਿੰਘ ਜੋ ਟਕਸਾਲੀ ਤੇ ਅਕਾਲੀ ਸਨ ਅਤੇ ਇਨਾਂ ਦੇ ਮਾਤਾ ਸ਼ੀਲਾ ਦੇਵੀ ਵੀ ਹਮੇਸ਼ਾ ਅਕਾਲੀ ਦਲ ਨਾਲ ਖੜੇ ਰਹੇ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਟੀਟੂ ਨੇਂ ਦੱਸਿਆ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕਮੀਆਂ ਹਨ ਅਤੇ ਉਨ੍ਹਾਂ ਦੀ ਪਾਰਟੀ ਨੇ ਜੋ ਗਲਤੀਆਂ ਕੀਤੀਆਂ ਹਨ ਉਹ ਉਨ੍ਹਾਂ ਦੇ ਵੱਸ ਤੋਂ ਬਾਹਰ ਸਨ।
ਇਸ ਦੋਰਾਨ ਅੱਜ ਸ. ਮਨਜੀਤ ਸਿੰਘ ਟੀਟੂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਿੱਛਲੇ ਕੁੱਝ ਮਹੀਨਿਆਂ ਤੋਂ ਪਾਰਟੀ ਵਿਚ ਉਨ੍ਹਾਂ ਦਾ ਦਮ ਘੁੱਟ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੇਂ ਆਪਣੇ ਇਲਾਕਾ ਨਿਵਾਸੀਆਂ ਅਤੇ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਸਤੀਫਾ ਦਿੱਤਾ ਹੈ ਅਤੇ ਅੱਜ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਹਨ। ਇਸ ਮੋਕੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵਲੋਂ ਕਾਂਗਰਸ ਵਿੱਚ ਸ਼ਾਮਲ ਹੋਏ ਸ. ਮਨਜੀਤ ਸਿੰਘ ਟੀਟੂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਇੰਨਾ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਸ.ਮਨਜੀਤ ਸਿੰਘ ਟੀਟੂ ਜੀ ਲੋਕਾਂ ਦੇ ਹਰਮਨ ਪਿਆਰੇ ਨੇਤਾ ਹਨ। ਉਨ੍ਹਾਂ ਕਿਹਾ ਕਿ ਟੀਟੂ ਜੀ ਕਾਂਗਰਸ ਦੀ ਵਿਚਾਰਧਾਰਾ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਆਪਣੇ ਇਲਾਕੇ ਦੇ ਘਰ-ਘਰ ਵਿੱਚ ਲੈਕੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ। ਇਸ ਮੋਕੇ ਵੱਡੀ ਗਿਣਤੀ ’ਚ ਕਾਂਗਰਸ ਪਾਰਟੀ ਦੇ ਮੈਂਬਰ ਸ਼ਾਮਲ ਹਨ।