ताज़ा खबरपंजाब

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਭੁੱਨਰਹੇੜੀ ਬਲਾਕ ਦੇ ਪਿੰਡਾਂ ‘ਚ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕਤਾ ਲਈ ਸੈਮੀਨਾਰ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਪਰਮਿੰਦਰ ਕੌਰ ਨੇ ਲੋਕਾਂ ਨੂੰ ਕੌਮੀ ਲੋਕ ਅਦਾਲਤ ਬਾਰੇ ਕੀਤਾ ਜਾਗਰੂਕ

ਭੁੱਨਰਹੇੜੀ/ਪਟਿਆਲਾ, 17 ਸਤੰਬਰ (ਕ੍ਰਿਸ਼ਨ ਗਿਰ) : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਭੁੱਨਰਹੇੜੀ ਬਲਾਕ ਦੇ ਪਿੰਡਾਂ ‘ਚ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ, ਬਾਰੇ ਜਾਗਰੂਕ ਕੀਤਾ ਗਿਆ। ਇੱਥੇ ਬੀ.ਡੀ.ਪੀ.ਓ. ਦਫ਼ਤਰ ਵਿਖੇ ਪੁੱਜੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੇ ਸਕੱਤਰ ਮਿਸ ਪਰਮਿੰਦਰ ਕੌਰ ਨੇ 11 ਦਸੰਬਰ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਅਜੇ ਤਿਵਾੜੀ ਅਤੇ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸ੍ਰੀ ਰਾਜਿੰਦਰ ਅਗਰਵਾਲ ਦੀ ਅਗਵਾਈ ਹੇਠ ਪ੍ਰਦਾਨ ਕੀਤੀਆਂ ਜਾਂਦੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕਤਾ ਲਈ ਇੱਕ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ।

ਇਸ ਮੌਕੇ ਮਿਸ ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਖੁਰਾਕ ਸਪਲਾਈਜ, ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ, ਸਹਾਇਕ ਕਿਰਤ ਕਮਿਸ਼ਨਰ, ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਮੋਬਾਇਲ ਵੈਨ ਅਤੇ ਕਾਨੂੰਨੀ ਸੇਵਾਵਾਂ ਕਲੀਨਿਕ ਲਗਾ ਕੇ ਸਨੌਰ ਤੇ ਭੁੱਨਰਹੇੜੀ ਬਲਾਕਾਂ ਦੇ ਪਿੰਡਾਂ, ਝੰਡੀ, ਜੱਲਾ ਸਮੇਤ ਨਾਭਾ, ਰਾਜਪੁਰਾ ਤੇ ਸਮਾਣਾ ਬਲਾਕਾਂ ਦੇ ਪਿੰਡਾਂ ‘ਚ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਭੁੱਨਰਹੇੜੀ ਵਿਖੇ ਲਗਾਏ ਇਸ ਕੈਂਪ ਦੌਰਾਨ ਸਮਾਰਟ ਰਾਸ਼ਨ ਕਾਰਡ ਦੇ 35, ਬਜ਼ੁਰਗਾਂ ਨੂੰ ਪੈਨਸ਼ਨ ਦੇ 71, ਅੰਗਹੀਣ ਪੈਨਸ਼ਨ ਦੇ 3, ਵਿਧਵਾ ਪੈਨਸ਼ਨ ਦੇ 10 ਅਤੇ ਸਕਾਲਰਸ਼ਿਪ ਸਕੀਮ ਦੇ 7 ਅਤੇ ਕਿਰਤ ਵਿਭਾਗ ਦੇ ਲਾਭ ਲੈਣ ਲਈ 9 ਫਾਰਮ ਭਰੇ ਗਏ। ਇਸ ਤੋਂ ਇਲਾਵਾ ਮੋਬਾਇਲ ਵੈਨ ਵੀ ਭੁੱਨਰਹੇੜੀ ਤੇ ਸਨੌਰ ਬਲਾਕਾਂ ਦੇ ਪਿੰਡਾਂ ‘ਚ ਰਵਾਨਾ ਕੀਤੀ ਗਈ।
ਇਸ ਮੌਕੇ ਸੀ.ਜੇ.ਐਮ. ਮਿਸ ਪਰਮਿੰਦਰ ਕੌਰ ਨੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ, ਸਥਾਈ ਲੋਕ ਅਦਾਲਤਾਂ, ਟੌਲ ਫਰੀ ਨੰਬਰ 1968, ਮੀਡੀਏਸ਼ਨ ਦੇ ਲਾਭ, 11 ਦਸੰਬਰ 2021 ਦੀ ਅਗਾਮੀ ਲੋਕ ਅਦਾਲਤ ਦੇ ਲਾਭਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਨਾਲਸਾ ਵੱਲੋਂ ਲੋਕਾਂ ਨੂੰ ਨਿਆਂ ਦੇਣ ਅਤੇ ਹੋਰ ਸੇਵਾਵਾਂ ਬਾਰੇ ਫ਼ਿਲਮ ਵੀ ਦਿਖਾਈ ਗਈ। ਇਸ ਮੌਕੇ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਡਾ. ਗੁਰਮੀਤ ਸਿੰਘ ਬਿੱਟੂ, ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਣਾ, ਜੋਗਿੰਦਰ ਸਿੰਘ ਕਾਕੜਾ,ਫੂਡ ਸਪਲਾਈ ਇੰਸਪੈਕਟਰ ਕਸ਼ਮੀਰ ਸਿੰਘ ਤੇ ਗੁਰਜੀਤ ਸਿੰਘ ਸਮੇਤ ਪੈਰਾ ਲੀਗਲ ਵਲੰਟੀਅਰ ਅਤੇ ਹੋਰ ਪਤਵੰਤੇ ਮੌਜੂਦ ਸਨ।

Related Articles

Leave a Reply

Your email address will not be published.

Back to top button