ਚੋਹਲਾ ਸਾਹਿਬ/ਤਰਨਤਾਰਨ, 10 ਸਤੰਬਰ (ਰਾਕੇਸ਼ ਨਈਅਰ) : ਨੈਸ਼ਨਲ ਅਚੀਵਮੈਂਟ ਸਰਵੇ 2021 ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੂਹ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਸੈਮੀਨਾਰਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਤਹਿਤ ਸ਼ੁੱਕਰਵਾਰ ਨੂੰ ਬਲਾਕ ਚੋਹਲਾ ਸਾਹਿਬ ਦੇ ਤੀਸਰੀ ਅਤੇ ਪੰਜਵੀਂ ਜਮਾਤ ਦੇ ਇੰਚਾਰਜ ਅਧਿਆਪਕਾਂ ਦਾ ਇੱਕ ਰੋਜ਼ਾ-ਸੈਮੀਨਾਰ ਲਗਾਇਆ ਗਿਆ।ਨਵੇਂ ਬਣਾਏ ਗਏ ਸਮਾਰਟ ਬਲਾਕ ਰਿਸੋਰਸ ਸੈਂਟਰ ਦਾ ਪਲੇਠਾ ਸੈਮੀਨਾਰ ਅਤਿ ਸੁਖਾਵੇਂ ਮਾਹੌਲ ਵਿੱਚ ਲਗਾਇਆ ਗਿਆ।ਸੈਮੀਨਾਰ ਵਿੱਚ ਬਲਾਕ ਚੋਹਲਾ ਸਾਹਿਬ ਦੇ ਸਮੂਹ ਸੈਂਟਰ ਸਕੂਲ ਮੁਖੀਆਂ ਵਲੋਂ ਰਿਸੋਰਸ ਪਰਸਨ ਦੀ ਭੂਮਿਕਾ ਬਾ-ਖੂਬੀ ਨਿਭਾਈ ਗਈ।
ਬਲਾਕ ਸਿੱਖਿਆ ਅਫ਼ਸਰ ਸ.ਜਸਵਿੰਦਰ ਸਿੰਘ ਸੰਧੂ ਨੇ ਸਮੂਹ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦਿਆਂ ਹਰੇਕ ਅਧਿਆਪਕ ਨੂੰ ਨੈਸ਼ਨਲ ਅਚੀਵਮੈਂਟ ਸਰਵੇ 2021 ਲਈ ਆਪਣੇ ਆਧਾਰ ‘ਤੇ ਆਪਣੀ ਯੋਜਨਾ ਬਣਾ ਲੈਣੀ ਚਾਹੀਦੀ ਹੈ ਤਾਂ ਜੋ ਬਲਾਕ ਚੋਹਲਾ ਸਾਹਿਬ ਹਰ ਵਾਰ ਦੀ ਤਰ੍ਹਾਂ ਪਹਿਲੇ ਸਥਾਨ ‘ਤੇ ਬਰਕਰਾਰ ਰਹਿ ਸਕੇ।ਜਿਕਰਯੋਗ ਹੈ ਕਿ ਬਲਾਕ ਐਲੀ.ਸਿੱਖਿਆ ਅਫ਼ਸਰ ਸ.ਜਸਵਿੰਦਰ ਸਿੰਘ ਸੰਧੂ ਦੇ ਯਤਨਾਂ ਸਦਕਾ ਬਲਾਕ ਚੋਹਲਾ ਸਾਹਿਬ ਦੇ ਬਲਾਕ ਰਿਸੋਰਸ ਸੈਂਟਰ ਨੂੰ ਇੱਕ ਸਮਾਰਟ ਦਿੱਖ ਦਿੱਤੀ ਗਈ ਹੈ।ਉਨ੍ਹਾਂ ਵਲੋਂ ਸਮੂਹ ਅਧਿਆਪਕਾਂ ਦਾ ਨਵੇਂ ਬਣਾਏ ਗਏ ਬਲਾਕ ਰਿਸੋਰਸ ਸੈਂਟਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਸ੍ਰੀ ਦਿਨੇਸ਼ ਸ਼ਰਮਾਂ ਉਚੇਚੇ ਤੌਰ ‘ਤੇ ਸੈਮੀਨਾਰ ਵਿੱਚ ਪਹੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਕੋਈ ਸ਼ੱਕ ਦੀ ਗੱਲ ਨਹੀਂ ਕਿ ਜਿਸ ਤਰ੍ਹਾਂ ਸਮੂਹ ਸਰਕਾਰੀ ਸਕੂਲਾਂ ਵਿੱਚ ਕੰਮ ਹੋਇਆ ਹੈ ਉਸ ਨੂੰ ਵੇਖਦੇ ਹੋਏ,ਆਗਾਮੀ ਨੈਸ਼ਨਲ ਅਚੀਵਮੈਂਟ ਸਰਵੇ 2021 ਵਿੱਚ ਪੰਜਾਬ ਦਾ ਪਹਿਲੇ ਸਥਾਨ ‘ਤੇ ਆਉਣਾ ਲਗਭੱਗ ਤਹਿ ਹੈ।ਬਲਾਕ ਸਿੱਖਿਆ ਅਫ਼ਸਰ ਸ. ਜਸਵਿੰਦਰ ਸਿੰਘ ਸੰਧੂ ਨੇ ਸਮੂਹ ਸੀ.ਐੱਚ.ਟੀ ਵਲੋਂ ਆਗਾਮੀ ਨੈਸ਼ਨਲ ਅਚੀਵਮੈਂਟ ਸਰਵੇ 2021 ਵਿੱਚ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਉਣ ‘ਤੇ ਉਨ੍ਹਾਂ ਦੀ ਸਰਾਹਨਾ ਕੀਤੀ।