ਚੋਹਲਾ ਸਾਹਿਬ/ਤਰਨਤਾਰਨ, 04 ਸਤੰਬਰ (ਰਾਕੇਸ਼ ਨਈਅਰ) : ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਬਲਾਕ ਚੋਹਲਾ ਸਾਹਿਬ ਲਗਾਤਾਰ ਉਚਾਈਆਂ ਨੂੰ ਛੋਹ ਰਿਹਾ ਹੈ।ਇਸ ਨਿਰੰਤਰ ਤਰੱਕੀ ਪਿਛੇ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਸੰਧੂ ਦਾ ਵੱਡਮੁੱਲਾ ਯੋਗਦਾਨ ਹੈ।ਜਸਵਿੰਦਰ ਸਿੰਘ ਸੰਧੂ ਦੀ ਯੋਗ ਅਗਵਾਈ ਦਾ ਨਤੀਜਾ ਹੀ ਹੈ ਕਿ ਅੱਜ ਬਲਾਕ ਚੋਹਲਾ ਸਾਹਿਬ ਸਿੱਖਿਆ ਦੇ ਖੇਤਰ ਵਿੱਚ ਨਿੱਤ ਨਵੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ।ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਹਰ ਵਰ੍ਹੇ ਅਧਿਆਪਕ ਦਿਵਸ ਦੇ ਮੌਕੇ ‘ਤੇ ਵਿਲੱਖਣ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਇਸੇ ਤਹਿਤ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ ਸੰਧੂ ਨੂੰ ਅਧਿਆਪਕ ਦਿਵਸ ਮੌਕੇ ਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਦੁਆਰਾ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਉੱਚ ਪ੍ਰਾਪਤੀ ‘ਤੇ ਬਲਾਕ ਚੋਹਲਾ ਸਾਹਿਬ ਦਾ ਸਮੂਹ ਅਧਿਆਪਕ ਵਰਗ ਆਪਣੇ-ਆਪ ਵਿੱਚ ਮਾਣ ਮਹਿਸੂਸ ਕਰ ਰਿਹਾ ਹੈ।
ਇਸ ਖਾਸ ਮੌਕੇ ‘ਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਵਲੋਂ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਸੰਧੂ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਲਗਾਤਾਰ ਕੀਤੀ ਹੋਈ ਮਿਹਨਤ ਸਦਾ ਹੀ ਰੰਗ ਲਿਆਉਦੀ ਹੈ।ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਸੰਧੂ ਨੇ ਆਪਣੀ ਇਸ ਪ੍ਰਾਪਤੀ ਨੂੰ ਬਲਾਕ ਚੋਹਲਾ ਸਾਹਿਬ ਦੇ ਸਮੂਹ ਅਧਿਆਪਕਾਂ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਇਸ ਪ੍ਰਾਪਤੀ ਵਿੱਚ ਬਲਾਕ ਚੋਹਲਾ ਸਾਹਿਬ ਦੇ ਸਮੂਹ ਅਧਿਆਪਕਾਂ ਦਾ ਵੱਡਮੁੱਲਾ ਯੋਗਦਾਨ ਹੈ।ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਸ.ਪਰਮਜੀਤ ਸਿੰਘ ਨੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ ਸੰਧੂ ਦੀ ਇਸ ਵਿਸ਼ੇਸ਼ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।