ਬਾਬਾ ਬਕਾਲਾ ਸਾਹਿਬ, 04 ਸਤੰਬਰ (ਕੰਵਲਜੀਤ ਸਿੰਘ ਲਾਡੀ) : ਬੀਤੇ ਕੱਲ੍ਹ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਆਖੰਡ ਪਾਠੀ ਸਿੰਘ ਦੀ ਡਿਊਟੀ ਕਰਦੇ ਚੈਂਚਲ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਸਠਿਆਲਾ ਜਿਸ ਨੇ ਕੁਝ ਸਮਾਂ ਪਹਿਲਾਂ ਹੀ ਆਪਣਾ ਮਕਾਨ ਬਾਬਾ ਬਕਾਲਾ ਸਾਹਿਬ ਵਿਖੇ ਬਣਾ ਲਿਆ ਸੀ। ਉਹ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਹੀ ਪਾਠੀ ਸਿੰਘ ਦੀ ਡਿਊਟੀ ਕਰਦਾ ਸੀ। ਜਿਸਨੇ ਬੀਤੇ ਕੱਲ੍ਹ ਸ਼ਾਮ ਵੇਲੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਚੌਂਕੀ ਇੰਚਾਰਜ ਬਾਬਾ ਬਕਾਲਾ ਪਰਮਜੀਤ ਸਿੰਘ ਸਬ ਇੰਸਪੈਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਕੋਲੋਂ ਮਿਲੇ ਸੁਸਾਇਡ ਨੋਟ ਵਿੱਚ ਉਸਨੇ ਆਪਣੀ ਮੌਤ ਦਾ ਜ਼ਿੰਮੇਵਾਰ ਮੈਨੇਜਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਸਤਿੰਦਰ ਸਿੰਘ ਬਾਜਵਾ ਅਤੇ ਐਡਵੋਕੇਟ ਦਲਬੀਰ ਸਿੰਘ ਬੇਦੀ ਨੂੰ ਦੱਸਿਆ ਹੈ। ਐਡਵੋਕੇਟ ਦਲਬੀਰ ਸਿੰਘ ਬੇਦੀ ਉਪਰ ਗੰਭੀਰ ਦੋਸ਼ ਲਾਉਂਦਿਆਂ ਮ੍ਰਿਤਕ ਚੈਂਚਲ ਸਿੰਘ ਨੇ ਲਿਖਿਆ ਹੈ ਕਿ ਇਹ ਵਕੀਲ ਮੈਨੂੰ 7 ਮਹੀਨੇ ਤੋਂ ਜ਼ਲੀਲ ਤੇ ਪ੍ਰੇਸ਼ਾਨ ਕਰ ਰਿਹਾ ਸੀ। ਜਿਸ ਕਾਰਨ ਮੈਂ ਇਹ ਕਦਮ ਪੁੱਟਿਆ ਹੈ। ਮ੍ਰਿਤਕ ਚੈਂਚਲ ਸਿੰਘ ਨੇ ਸੁਸਾਇਡ ਨੋਟ ਵਿੱਚ ਲਿਖਦੇ ਹੋਏ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਸਦੇ ਸਿਰ ਪੰਜਾਬ ਨੈਸ਼ਨਲ ਬੈਂਕ ਦਾ 4,30,000/ ਰੁਪਏ ਕਰਜ਼ਾ ਹੈ। ਇਹ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਉਸਦੀ ਲੜਕੀ ਕਰਮਜੀਤ ਕੌਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪੁਲਿਸ ਨੇ ਮ੍ਰਿਤਕ ਦੀ ਲੜਕੀ ਹਰਪ੍ਰੀਤ ਕੌਰ ਪਤਨੀ ਦਲਜਿੰਦਰ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।