ਜੰਡਿਆਲਾ ਗੁਰੂ,3 ਸਤੰਬਰ(ਕੰਵਲਜੀਤ ਸਿੰਘ ਲਾਡੀ) ਅੱਜ ਸ਼੍ਰੋਮਣੀ ਪੰਥਕ ਕਵੀ ਸਭਾ ਦੇ ਮੀਤ ਪ੍ਰਧਾਨ ਪੰਥਕ ਸੰਗੀਤਕਾਰ ਸ: ਅਵਤਾਰ ਸਿੰਘ ਤਾਰੀ ਨੇ ਆਪਣੀ ਜੰਡਿਆਲਾ ਗੁਰੂ ਫੇਰੀ ਦੌਰਾਨ ਸਥਾਨਕ ਕਸਬੇ ਦੇ ਮੁਹੱਲਾ ਜੋਤੀਸਰ ਵਿਖੇ ਦੱਸਿਆ ਕਿ ਬੀਤੀ ਸ਼ਾਮ ਸ਼੍ਰੋਮਣੀ ਪੰਥਕ ਕਵੀ ਸਭਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼ ਭਰ ‘ਚ ਪੰਜ ਕਵੀ ਦਰਬਾਰ ਕਰਵਾਉਣ ਦੇ ਮਤੇ ਦੇ ਤਹਿਤ ਲੁਧਿਆਣਾ ਸ਼ਹਿਰ ਵਿਖੇ ਮਹਾਨ ਕਵੀ ਦਰਬਾਰ ਕਰਵਾਇਆ ਗਿਆ।
ਉਕਤ ਕਵੀ ਦਰਬਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਨਾਲ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਇਸ ਕਵੀ ਦਰਬਾਰ ਵਿੱਚ ਸ:ਰਛਪਾਲ ਸਿੰਘ ਪਾਲ(ਜਲੰਧਰ), ਸ: ਬਲਬੀਰ ਸਿੰਘ ਬੱਲ(ਮੋਰਿੰਡਾ), ਸ: ਅਵਤਾਰ ਸਿੰਘ ਤਾਰੀ(ਅੰਮ੍ਰਿਤਸਰ), ਸ: ਹਰੀ ਸਿੰਘ ਜਾਚਕ(ਲੁਧਿਆਣਾ), ਸ: ਕਰਮਜੀਤ ਸਿੰਘ ਨੂਰ(ਜਲੰਧਰ), ਸ਼੍ਰੀ ਜ਼ਮੀਰ ਅਲੀ ਜ਼ਮੀਰ(ਮਲੇਰਕੋਟਲਾ) ਸ਼ਾਮਿਲ ਹੋਏ। ਸ: ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਉਕਤ ਕਵੀ ਦਰਬਾਰ ਨੂੰ ਪ੍ਰਬੰਧਕੀ ਕਮੇਟੀ, ਗੁਰਦੁਆਰਾ ਸਿੰਘ ਸਭਾ, ਮਾਡਲ ਗ੍ਰਾਮ, ਲੁਧਿਆਣਾ ਦਾ ਵਿਸ਼ੇਸ਼ ਸਹਿਯੋਗ ਮਿਲਿਆ ਜਿਥੇ ਉਕਤ ਕਵੀ ਦਰਬਾਰ ਕਰਵਾਇਆ ਗਿਆ। ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹੁੰਚੇ ਕਵੀਆਂ ਨੂੰ ਯਾਦਗਾਰੀ ਨਿਸ਼ਾਨ ਅਤੇ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ।