ਚੋਹਲਾ ਸਾਹਿਬ/ਤਰਨਤਾਰਨ, 12 ਅਗਸਤ (ਰਾਕੇਸ਼ ਨਈਅਰ) : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਨਾ ਹੇਠ ਅੰਤਰ-ਰਾਸ਼ਟਰੀ ਯੂਥ ਦਿਵਸ ਮਨਾਇਆ ਗਿਆ। ਜਿਸ ਵਿੱਚ ਯੂਐਨਓ ਵੱਲੋਂ ਦਿੱਤੇ ਗਏ ਥੀਮ ‘ਤੇ ਵਿਦਿਆਰਥਣਾਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ।ਇਸ ਸਮੇਂ ਸੀਨੀਅਰ ਲੈਕਚਰਾਰ ਕਸ਼ਮੀਰ ਸਿੰਘ ਸੰਧੂ ਵੱਲੋਂ ਭੋਜਨ ਪ੍ਰਣਾਲੀ ਦੀ ਵਰਤੋਂ ਅਤੇ ਧਰਤੀ ‘ਤੇ ਮਨੁੱਖੀ ਸਿਹਤ ਬਣਾਈ ਰੱਖਣ ਵਿਚ ਨੌਜਵਾਨਾਂ ਦੇ ਯੋਗਦਾਨ ਵਿਸ਼ੇ ‘ਤੇ ਕੁੰਜੀਵਤ ਭਾਸ਼ਣ ਦਿੱਤਾ ਗਿਆ।ਇਸ ਸਮੇਂ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਪੂਰੇ ਸੰਸਾਰ ਵਿਚ ਅਨੇਕਾਂ ਸਮੱਸਿਆਵਾਂ ਨੇ ਮਨੁੱਖ ਜਾਤੀ ਨੂੰ ਘੇਰਿਆ ਹੋਇਆ ਹੈ।
ਬਹੁਤ ਸਾਰੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਤੇ ਦੋ ਵੇਲੇ ਦੇ ਭੋਜਨ ਨੂੰ ਵੀ ਤਰਸ ਰਹੇ ਹਨ ਤੇ ਕਿਤੇ ਰਾਸ਼ਨ ਸੜ ਰਿਹਾ ਹੈ।ਜਲਵਾਯੂ ਤਬਦੀਲੀ ਦੇ ਕਾਰਨ ਧਰਤੀ ਉਤੇ ਜਨਜੀਵਨ ਦਾ ਸੰਤੁਲਨ ਵਿਗੜ ਰਿਹਾ ਹੈ।ਧਰਤੀ ‘ਤੇ ਮਨੁੱਖਾਂ ਦੀ ਸਿਹਤ ਵਿਚ ਕਈ ਤਰਾਂ ਦੇ ਵਿਗਾੜ ਪੈਦਾ ਹੋ ਰਹੇ ਹਨ।ਇਹਨਾ ਸਮੱਸਿਆਵਾਂ ਵੱਲ ਨੌਜਵਾਨਾਂ ਵੱਲੋਂ ਧਿਆਨ ਦੇਣ ਦੀ ਲੋੜ ਹੈ।ਸੰਸਾਰ ਦੇ ਬਹੁਤੇ ਦੇਸ਼ਾਂ ਵਿੱਚ ਬੇਰੁਜ਼ਗਾਰਾਂ ਦੀ ਭੀੜ ਵੱਧ ਰਹੀ ਹੈ।ਨੌਜਵਾਨ ਚੰਗੇਰੇ ਭਵਿੱਖ ਲਈ ਪਰਵਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰਾਂ ਦੀਆਂ ਅਨੇਕਾਂ ਸਮੱਸਿਆਵਾਂ ਦੇ ਹੱਲ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਇਸ ਸਮੇਂ ਪਰਮਜੀਤ ਕੌਰ ਪ੍ਰਿੰਸੀਪਲ, ਸੁਮਨ ਬਾਲਾ, ਬਲਵਿੰਦਰ ਸਿੰਘ, ਮਨਦੀਪ ਕੌਰ,ਪਰਮਜੀਤ ਕੌਰ ਰੰਧਾਵਾ ਅਤੇ ਰੀਤੀ ਕਪੂਰ ਹਾਜ਼ਰ ਸਨ।