ਜਲੰਧਰ, 12 ਅਗਸਤ (ਧਰਮਿੰਦਰ ਸੌਂਧੀ) : 15 ਅਗਸਤ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਦੇ ਜ਼ਿਲ੍ਹਿਆਂ ‘ਚ ਚੌਕਸੀ ਵਧਾ ਦਿੱਤੀ ਗਈ ਹੈ। ਇਸੇ ਤਹਿਤ ਪੰਜਾਬ ਪੁਲਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਦਰਮਿਆਨ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਿਟੀ ਰੇਲਵੇ ਸਟੇਸ਼ਨ ਦੇ ਮੇਨ ਗੇਟ ਤੋਂ ਲਾਵਾਰਿਸ ਬੈਗ ਮਿਲਿਆ। ਲਾਵਾਰਿਸ ਬੈਗ ਮਿਲਣ ਨਾਲ ਮੌਕੇ ‘ਤੇ ਪੁਲਸ ਨੂੰ ਭਾਜੜਾਂ ਪੈ ਗਈਆਂ।
ਸੂਚਨਾ ਪਾ ਕੇ ਮੌਕੇ ‘ਤੇ ਜੀ. ਆਰ. ਪੀ. ਆਰ. ਪੀ. ਐੱਫ. ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਡੌਗ ਸਕਵਾਇਡ ਅਤੇ ਬੰਬ ਰੋਕੂ ਦਸਤੇ ਸਮੇਤ ਫਾਇਰ ਬਿ੍ਰਗੇਡ ਅਤੇ ਐਂਬੂਲੈਂਸ ਵੀ ਮੌਕੇ ‘ਤੇ ਮੌਜੂਦ ਹੈ। ਉਥੇ ਹੀ ਪੁਲਸ ਵੱਲੋਂ ਮੌਕ ਡਰਿੱਲ ਕਰਨ ਦੀ ਵੀ ਗੱਲ ਸਾਹਮਣੇ ਆਈ ਹੈ।
ਪੁਲਸ ਨੇ ਸਾਰੇ ਸਟੇਸ਼ਨ ਨੂੰ ਸੀਲ ਕਰ ਦਿੱਤਾ ਹੈ ਅਤੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਬੰਬ ਸਕਵਾਇਡ ਦੀ ਟੀਮ ਬੈਗ ਦੀ ਜਾਂਚ ਕਰ ਰਹੀ ਹੈ। ਬੈਗ ਦੇ ਅੰਦਰ ਇਕ ਬਾਕਸ ਵੀ ਮਿਲਿਆ ਹੈ, ਜਿਸ ‘ਚ ਬੰਬਨੂਮਾ ਚੀਜ਼ ਹੋਣ ਦਾ ਸ਼ੱਕ ਹੈ।
ਜਲੰਧਰ ਕੰਪਨੀ ਬਾਗ ਨੇੜੇ ਦੁਕਾਨ ਦੇ ਬਾਹਰ ਚੱਲੀ ਗੋਲ਼ੀ
ਜਲੰਧਰ ਦੇ ਕੰਪਨੀ ਬਾਗ ਨੇੜੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਕੰਪਨੀ ਬਾਗ ਚੌਂਕ ਨੇੜੇ ਸਥਿਤ ਕੀਰਤ ਜਿਊਲਰ ਦੀ ਦੁਕਾਨ ਦੇ ਬਾਹਰ ਗੋਲ਼ੀ ਚੱਲਣ ਦੀ ਘਟਨਾ ਵਾਪਰੀ। ਗੋਲ਼ੀ ਕੀਰਤ ਜਿਊਲਰ ਦੇ ਸਕਿਓਰਿਟੀ ਗਾਰਡ ਦੇ ਕੋਲੋਂ ਗਲਤੀ ਨਾਲ ਚੱਲੀ। ਇਹ ਗੋਲ਼ੀ ਮਾਰੂਤੀ ਸਵਿੱਫਟ ਕਾਰ ‘ਚ ਲੱਗੀ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਵਿਧੀਪੁਰ ਦੇ ਰਹਿਣ ਵਾਲਾ ਰਾਮ ਸਿੰਘ ਸਕਿਓਰਿਟੀ ਗਾਰਡ ਰੋਜ਼ਾਨਾ ਵਾਂਗ ਆਪਣੀ ਡਿਊਟੀ ‘ਤੇ ਤਾਇਨਤ ਸੀ ਇਸ ਦੌਰਾਨ ਉਸ ਕੋਲੋਂ ਲਾਇਸੈਂਸੀ ਰਿਵਾਲਵਰ ਦੀ ਸਫ਼ਾਈ ਕਰਦੇ ਸਮੇਂ ਅਚਾਨਕ ਗੋਲ਼ੀ ਚੱਲ ਗਈ, ਜੋਕਿ ਸਿੱਧੀ ਨੇੜੇ ਖੜ੍ਹੀ ਕਾਰ ‘ਤੇ ਲੱਗੀ।