ਜਲੰਧਰ 8 ਅਗਸਤ (ਕਬੀਰ ਸੌਧੀ):ਸ਼ਾਹਕੋਟ ‘ਚ ਅੱਜ ਉਸ ਵੇਲੇ ਮਾਹੌਲ ਤਨਾਅਪੂਰਨ ਹੋ ਗਿਆ, ਜਦ ਪੁਲਸ ਥਾਣੇ ਦੇ ਬਾਹਰ ਇਕ ਕਤਲ ਦੇ ਮਾਮਲੇ ‘ਚ ਇਨਸਾਫ ਮੰਗ ਰਹੇ ਪ੍ਰਦਰਸ਼ਨਕਾਰੀਆਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਬਹਿਸਬਾਜ਼ੀ ਦੌਰਾਨ ਜਦ ਸ਼ਾਹਕੋਟ ਪੁਲਸ ਦੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਥੇ ਭਾਜੜ ਮਚ ਗਈ ਤੇ ਦੇਖਦੇ ਹੀ ਦੇਖਦੇ ਪ੍ਰਦਰਸ਼ਨਕਾਰੀਆਂ ਨੇ ਥਾਣੇ ਉੱਤੇ ਇੱਟਾ-ਪਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਸਥਿਤੀ ਕਾਫੀ ਤਨਾਅਪੂਰਨ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਸ਼ਾਹਕੋਟ ਦਾ ਮੇਨ ਬਾਜ਼ਾਰ ਬੰਦ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਗਈ।
ਪੁਲਸ ਫੋਰਸ ਵੱਲੋਂ ਥਾਣੇ ਬਾਹਰ ਨਿਕਲ ਕੇ ਥਾਣੇ ਉੱਤੇ ਪਥਰਾਓ ਕਰਨ ਵਾਲਿਆਂ ਉੱਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਸੈਂਕੜਿਆਂ ਦੀ ਗਿਣਤੀ ‘ਚ ਇਕੱਠੇ ਹੋਏ ਨੌਜਵਾਨ ਉੱਥੋ ਭੱਜ ਨਿਕਲੇ। ਇਸ ਸਭ ਦੌਰਾਨ ਸ਼ਾਹਕੋਟ ਦਾ ਮਾਹੌਲ ਕਾਫੀ ਤਨਾਅਪੂਰਨ ਬਣਿਆ ਰਿਹਾ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੀਤੇ ਸ਼ੁਕਰਵਾਰ ਨੂੰ ਸ਼ਾਹਕੋਟ ਦੇ ਗੁਰੂਦੁਆਰਾ ਸਿੰਘ ਸਭਾ ਨੇੜੇ ਕੁਝ ਨੌਜਵਾਨਾਂ ਵਲੋਂ ਰੋਹਿਤ ਨਾਮੀ ਇਕ ਨੌਜਵਾਨ ‘ਤੇ ਦਿਨ-ਦਿਹਾੜੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ। ਇਸ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਸ਼ਨੀਵਾਰ ਨੂੰ ਜ਼ਖਮਾਂ ਦੀ ਤਾਬ ਨਾ ਝੱਲਣ ਦੇ ਕਾਰਨ ਮੌਤ ਹੋ ਗਈ ਸੀ। ਰੋਹਿਤ ਨਾਮੀ ਕਤਲ ਕੀਤੇ ਨੌਜਵਾਨ ਦੇ ਲਈ ਇਨਸਾਫ ਦੀ ਮੰਗ ਕਰਨ ਲਈ ਇਕ ਰੋਸ ਮਾਰਚ ਅੱਜ ਸ਼ਾਹਕੋਟ ਦੇ ਬਾਜ਼ਾਰ ਵਿਚ ਕੱਢਿਆ ਗਿਆ।
ਜੋ ਕਿ ਸ਼ਾਹਕੋਟ ਥਾਣੇ ਬਾਹਰ ਆ ਕੇ ਨਾਅਰੇਬਾਜ਼ੀ ਨਾਲ ਸਮਾਪਤ ਹੋਇਆ ਪਰ ਇਸ ਦੌਰਾਨ ਕੁਝ ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਰੋਸ ਮਾਰਚ ਦੌਰਾਨ ਰੋਹਿਤ ‘ਤੇ ਹਮਲਾ ਕਰਨ ਵਾਲੇ ਨੌਜਵਾਨਾਂ ਨਾਲ ਸੰਬੰਧਤ ਕੁਝ ਨੌਜਵਾਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਪ੍ਰਦਰਸ਼ਨਕਾਰੀ ਹੋਰ ਭੜਕ ਪਏ, ਉਨ੍ਹਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਇਸ ਨਾਅਰੇਬਾਜ਼ੀ ਦੌਰਾਨ ਜਦ ਥਾਣਾ ਮੁਖੀ ਸ਼ਾਹਕੋਟ ਸੁਰਿੰਦਰ ਕੁਮਾਰ ਮੌਕੇ ਉਤੇ ਪਹੁੰਚੇ ਤਾਂ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਉਨ੍ਹਾਂ ਵਿਚੋਂ ਕੁਝ ਨੂੰ ਥਾਣੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀ ਥਾਣੇ ਦੇ ਬਾਹਰੋਂ ਭੱਜ ਨਿਕਲੇ ਪਰ ਕੁਝ ਹੀ ਮਿੰਟਾਂ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਪੁਲਸ ਥਾਣੇ ਉੱਤੇ ਪਥਰਾਅ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਜਿਥੇ ਥਾਣੇ ਅੰਦਰ ਖੜ੍ਹੇ ਵਾਹਨ ਨੁਕਸਾਨੇ ਗਏ ਉਥੇ ਹੀ ਏ.ਐੱਸ.ਆਈ. ਕਸ਼ਮੀਰ ਸਿੰਘ ਦੇ ਇੱਟ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ।