ਚੋਹਲਾ ਸਾਹਿਬ/ਤਰਨ ਤਾਰਨ, 03 ਜੂਨ (ਰਾਕੇਸ਼ ਨਈਅਰ) : ਜੇਕਰ ਇਨਸਾਨ ਦੇ ਅੰਦਰ ਅਸਮਾਨੀਂ ਉੱਡਣ ਦਾ ਹੌਸਲਾ ਹੋਵੇ ਤਾਂ ਖੰਭ ਕੋਈ ਮਾਇਨੇ ਨਹੀਂ ਰੱਖਦੇ। ਉਹ ਆਪਣੀ ਤਰੱਕੀ ਅਤੇ ਸੁਪਨਿਆਂ ਨੂੰ ਹਾਸਿਲ ਕਰਨ ਦੇ ਤਰੀਕੇ ਲੱਭ ਹੀ ਲੈਂਦੇ ਹਨ, ਕਿਉਂਕਿ ਹਰ ਉਡਾਣ ਸਿਰਫ ਖੰਭਾਂ ਨਾਲ ਹੀ ਨਹੀਂ,ਸਗੋਂ ਹੌਸਲੇ ਨਾਲ ਵੀ ਭਰੀ ਜਾਂਦੀ ਹੈ ਅਤੇ ਆਪਣੇ ਸੁਪਨਿਆਂ ਵਿੱਚ ਇੱਕ ਚਿੱਤਰਕਾਰ ਦੀ ਤਰ੍ਹਾਂ ਮਨ ਚਾਹੇ ਰੰਗ ਭਰੇ ਜਾਂਦੇ ਹਨ।
‘”ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ,
ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਏ,
ਖੰਭਾਂ ਨਾਲ ਕੁਝ ਨਹੀਂ ਹੁੰਦਾ,
ਹੌਸਲਿਆਂ ਨਾਲ ਹੀ ਉਡਾਣ ਹੁੰਦੀ ਏ”।
ਅਜਿਹਾ ਹੀ ਕੁਝ ਕਰ ਦਿਖਾਇਆ ਹੈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੀਆਂਵਿੰਡ ਦੇ ਸਕੂਲ ਮੁਖੀ ਸ੍ਰੀਮਤੀ ਰਣਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਦੇ ਮਿਹਨਤੀ ਮੈਂਬਰਾਂ ਸ੍ਰੀਮਤੀ ਗੁਰਮੀਤ ਕੌਰ,ਸ੍ਰੀਮਤੀ ਗੁਰਸ਼ਰਨਜੀਤ ਕੌਰ ਅਤੇ ਰਾਜਬੀਰ ਕੌਰ ਨੇ। ਜਿਨ੍ਹਾਂ ਨੇ ਅਣਥੱਕ ਮਿਹਨਤ ਅਤੇ ਲਗਨ ਨਾਲ ਆਪਣੇ ਸਕੂਲ ਨੂੰ ਇੰਝ ਸਜਾਇਆ ਹੈ ਜਿਵੇਂ ਕੋਈ ਕਵੀ ਸੋਹਣੇ-ਸੋਹਣੇ ਹਰਫਾਂ ਨਾਲ ਆਪਣੀ ਕਵਿਤਾ ਨੂੰ ਸ਼ਿੰਗਾਰਦਾ ਹੈ।ਸੋਹਣੇ ਸਮਾਰਟ ਕਲਾਸ ਰੂਮ,ਸੋਹਣੇ-ਸੋਹਣੇ ਫਲੈਕਸ ਪੇਪਰਾਂ ਨਾਲ ਸਜਾਈਆਂ ਦੀਵਾਰਾਂ,ਬਹੁਤ ਸੋਹਣਾ ਅਤੇ ਨਿਵੇਕਲੇ ਤਰੀਕੇ ਨਾਲ ਸਜਾਇਆ ਪ੍ਰੀ ਪ੍ਰਾਇਮਰੀ ਕਲਾਸ ਦਾ ਕਮਰਾ,ਕਿਤਾਬਾਂ ਨਾਲ ਸੱਜੀ ਬਹੁਤ ਸੋਹਣੀ ਲਾਇਬ੍ਰੇਰੀ,ਹੱਥੀਂ ਬਣਾਏ ਬਹੁਤ ਵਧੀਆ ਟੀ ਐੱਲ ਐੱਮ ਨਾਲ ਸਜਾਏ ਕਲਾਸਾਂ ਦੇ ਕਮਰੇ,ਬੱਚਿਆਂ ਲਈ ਝੂਲਾ ਪਾਰਕ,ਐਜੂਕੇਸ਼ਨ ਪਾਰਕ,ਖੁੱਲ੍ਹੀ ਗ੍ਰਾਊਂਡ,ਰੰਗ ਬਿਰੰਗੇ ਗਮਲਿਆਂ ਅਤੇ ਕਿਆਰੀਆਂ ਵਿੱਚ ਖਿੜੇ ਰੰਗ-ਬਿਰੰਗੇ ਫ਼ੁੱਲ,ਵੰਨ-ਸੁਵੰਨੇ ਰੁੱਖ-ਬੂਟੇ,ਸਾਫ਼ ਸੁਥਰਾ ਖੁੱਲ੍ਹਾ ਕੁਦਰਤੀ ਵਾਤਾਵਰਨ ਅਤੇ ਵਿਦਿਆਰਥੀਆਂ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਿੰਟ ਮੀਡੀਆ ਕੋਆਰਡੀਨੇਟਰ ਸ੍ਰੀ ਦਿਨੇਸ਼ ਸ਼ਰਮਾ ਨਾਲ ਗੱਲ ਕਰਦਿਆਂ ਸਕੂਲ ਮੁਖੀ ਸ੍ਰੀਮਤੀ ਰਣਜੀਤ ਕੌਰ ਨੇ ਦੱਸਿਆ ਕਿ ਸਕੂਲ ਨੂੰ ਸੋਹਣਾ ਬਣਾਉਣ ਵਿੱਚ ਸਕੂਲ ਦੇ ਅਧਿਆਪਕਾਂ ਦਾ ਬਹੁਤ ਯੋਗਦਾਨ ਹੈ।ਇਸਦੇ ਨਾਲ ਹੀ ਸਮਾਰਟ ਸਕੂਲ ਕੋਆਰਡੀਨੇਟਰ ਸ. ਅਮਨਦੀਪ ਸਿੰਘ ਨੇ ਸਕੂਲ ਨੂੰ ਸੋਹਣਾ ਬਣਾਉਣ ਲਈ ਹਰ ਕਦਮ ਸਾਡਾ ਸਾਥ ਅਤੇ ਯੋਗ ਅਗਵਾਈ ਕੀਤੀ ਹੈ।ਉਨ੍ਹਾਂ ਦੀ ਮਿਹਨਤ ਅਤੇ ਲਗਨ ਨੇ ਸਾਡੇ ਹੌਸਲੇ ਨੂੰ ਨਵੀਂ ਉਡਾਣ ਦਿੱਤੀ ਹੈ ਅਤੇ ਹਰ ਪਲ ਕੁਝ ਨਾ ਕੁਝ ਨਵਾਂ ਕਰਨ ਦਾ ਜੋਸ਼ ਭਰਿਆ ਹੈ। ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ.ਪਰਮਜੀਤ ਸਿੰਘ ਨੇ ਦੱਸਿਆ ਕਿ ਸਕੂਲ ਮੁੱਖੀ ਅਤੇ ਅਧਿਆਪਕ ਸਾਹਿਬਾਨ ਪੂਰੀ ਤਨਦੇਹੀ ਨਾਲ ਮਿਹਨਤ ਕਰ ਰਹੇ ਹਨ ਅਤੇ ਸਕੂਲ ਨੂੰ ਨਿਵੇਕਲੀ ਦਿੱਖ ਦੇਣ ਲਈ ਯਤਨਸ਼ੀਲ ਹਨ। ਪਿੰਡ ਦੇ ਸਰਪੰਚ ਸ.ਦੀਦਾਰ ਸਿੰਘ ਅਤੇ ਪਿੰਡ ਦੇ ਨਿਵਾਸੀ ਸਕੂਲ ਦੀ ਸੋਹਣੀ ਇਮਾਰਤ ਦੇਖ ਕਿ ਬਹੁਤ ਹੀ ਖੁਸ਼ ਹਨ,ਇਸ ਦੇ ਨਾਲ ਸਕੂਲ ਵਿੱਚ ਲਗਾਤਾਰ ਬੱਚਿਆਂ ਦਾ ਵਾਧਾ ਹੋ ਰਿਹਾ ਹੈ।ਸ.ਦੀਦਾਰ ਸਿੰਘ ਸਕੂਲ ਦੀ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਲਈ ਵਚਨਬੱਧ ਹਨ।ਜ਼ਿਲ੍ਹਾ ਸਿੱਖਿਆ ਅਫ਼ਸਰ (ਐ.) ਸ੍ਰੀ ਰਾਜੇਸ਼ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਪਰਮਜੀਤ ਸਿੰਘ,ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ)ਸ.ਸਤਨਾਮ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ.) ਸ.ਗੁਰਬਚਨ ਸਿੰਘ,ਸ.ਗੁਰਦੀਪ ਸਿੰਘ (ਡੀ.ਐਸ.ਐਮ)ਨੇ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਅਧਿਆਪਕ ਪੂਰੀ ਮਿਹਨਤ ਨਾਲ ਆਪਣੇ ਸਕੂਲਾਂ ਨੂੰ ਸਜਾਉਣ ਅਤੇ ਨੰਨ੍ਹੇ ਮੁੰਨ੍ਹੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਹਰ ਪਲ ਯਤਨਸ਼ੀਲ ਹਨ।ਸਕੂਲ ਮੁੱਖੀ ਅਤੇ ਅਧਿਆਪਕਾਂ ਨੇ ਪੂਰੇ ਜੋਸ਼ ਨਾਲ ਕਿਹਾ ਕਿ ਅਜੇ ਤਾਂ ਸਾਡਾ ਸਫਰ ਸ਼ੁਰੂ ਹੋਇਆ ਹੈ ਅਤੇ ਅਸੀਂ ਪੂਰੇ ਹੌਸਲੇ ਨਾਲ ਆਪਣੀ ਮੰਜ਼ਿਲ ਵੱਲ ਵਧ ਰਹੇ ਹਾਂ। ਅਸੀਂ ਦ੍ਰਿੜ ਨਿਸ਼ਚੇ ਨਾਲ ਕਹਿੰਦੇ ਹਾਂ ਕਿ ਇੱਕ ਦਿਨ ਸਾਡੇ ਸਕੂਲ ਦਾ ਨਾਂ ਹਰ ਪਾਸੇ ਛਾ ਜਾਏਗਾ।ਸਕੂਲ ਮੁਖੀ ਨੇ ਦ੍ਰਿੜ੍ਹ ਇਰਾਦੇ ਨਾਲ ਕਿਹਾ…..
“ਮੰਨਿਆ ਕਿ ਅਜੇ ਅਸੀਂ ਜਿੱਤੇ ਨਹੀਂ,ਪਰ ਹਾਰਾਂ ਵੀ ਅਸੀਂ ਮੰਨੀਆਂ ਨਹੀਂ।
ਸਾਡੇ ਹੌਸਲੇ ਨੂੰ ਆ ਤੋੜ ਦੇਣ,ਉਹ ਮੁਸੀਬਤਾਂ ਅਜੇ ਜੰਮੀਆਂ ਨਹੀਂ” ਅਸੀਂ ਸਿੱਖੇ ਨਹੀਂ ਨਾ-ਉਮੀਦ ਹੋਣਾ,ਤੇ ਸਾਡੇ ਹੌਸਲੇ ਦੀਆਂ ਉਡਾਣਾਂ ਹਾਲੇ ਥੰਮੀਆਂ ਨਹੀਂ”।