ਚੋਹਲਾ ਸਾਹਿਬ/ਤਰਨ ਤਾਰਨ, 01 ਜੂਨ (ਰਾਕੇਸ਼ ਨਈਅਰ) : ਸਰਕਾਰੀ ਸਕੂਲਾਂ ਵਿੱਚ ਆਈ ਤਬਦੀਲੀ ਨੇ ਲੋਕਾਂ ਦਾ ਮੋਹ ਨਿੱਜੀ ਸਕੂਲਾਂ ਤੋਂ ਭੰਗ ਕਰ ਦਿੱਤਾ ਹੈ ।ਅੱਜ ਪੰਜਾਬ ਦੇ ਸਰਕਾਰੀ ਸਕੂਲ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਲੋਕਾਂ ਵਿੱਚ ਹਰਮਨ ਪਿਆਰੇ ਹੋ ਰਹੇ ਹਨ। ਸਕੂਲਾਂ ਵਿੱਚ ਜਿੱਥੇ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ,ਉੱਥੇ ਵਿਦਿਆਰਥੀਆਂ ਲਈ ਹਰੇਕ ਉਹ ਸਹੂਲਤ ਸਰਕਾਰੀ ਸਕੂਲਾਂ ਵਿਚ ਮੌਜੂਦ ਹੈ ਜੋ ਨਿੱਜੀ ਸਕੂਲਾਂ ਵਿੱਚ ਭਾਰੀ ਫੀਸਾਂ ਭਰ ਕੇ ਵੀ ਨਹੀਂ ਮਿਲਦੀ।
ਕੁਝ ਅਜਿਹਾ ਹੀ ਨਿਵੇਕਲਾ ਕਰ ਵਿਖਾਇਆ ਹੈ ਬਲਾਕ ਚੋਹਲਾ ਸਾਹਿਬ ਦੇ ਅਧੀਨ ਆਉਂਦਾ ਸਰਕਾਰੀ ਐਲੀਮੈਂਟਰੀ ਸਕੂਲ ਕਿੜੀਆਂ ਦੇ ਸਕੂਲ ਮੁਖੀ ਸ.ਹਰਮਨਦੀਪ ਸਿੰਘ ਅਤੇ ਉਹਨਾਂ ਦੀ ਸਕੂਲ ਨੂੰ ਸਮਰਪਿਤ ਮਿਹਨਤੀ ਅਧਿਆਪਕਾਂ ਦੀ ਟੀਮ ਨੇ,ਜਿੰਨਾ ਨੇ ਖੁੱਲ੍ਹੀਆਂ ਅੱਖਾਂ ਨਾਲ ਵੇਖੇ ਹਰੇਕ ਸੁਫ਼ਨੇ ਨੂੰ ਸੱਚ ਕਰ ਵਿਖਾਇਆ ਤੇ ਆਪਣੇ ਸਕੂਲ ਨੂੰ ਦ੍ਰਿੜ ਇਰਾਦੇ ਤੇ ਮਜ਼ਬੂਤ ਖੰਭਾਂ ਦੇ ਨਾਲ ਹੌਂਸਲੇ ਦੀ ਉਡਾਣ ਭਰਕੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਲਿਆ।
ਇਹ ਸਕੂਲ ਜ਼ਿਲ੍ਹੇ ਦਾ ਪਹਿਲਾ ਸਕੂਲ ਬਣ ਗਿਆ ਜਿੱਥੇ ਵਿਦਿਆਰਥੀਆਂ ਲਈ ਵਧੀਆ ਪੜਾਈ ਦੇ ਨਾਲ-ਨਾਲ ਏਅਰ-ਕੰਡੀਸ਼ਨਰ ਕਮਰੇ ਤਿਆਰ ਕੀਤੇ ਗਏ ਹਨ।ਜ਼ਿਲ੍ਹਾ ਪ੍ਰਿੰਟ ਮੀਡੀਆ ਕੋਆਰਡੀਨੇਟਰ ਸ੍ਰੀ ਦਿਨੇਸ਼ ਸ਼ਰਮਾ ਨਾਲ ਗੱਲਬਾਤ ਕਰਦਿਆਂ ਸਕੂਲ ਮੁਖੀ ਸ.ਹਰਮਨਦੀਪ ਸਿੰਘ ਨੇ ਦੱਸਿਆ ਕਿ ਸਕੂਲ ਨੂੰ ਹਰੇਕ ਪੱਖ ਤੋਂ ਬਿਹਤਰੀਨ ਬਣਾਉਣ ਲਈ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ ਜਾ ਰਹੀ ਹੈ।ਸਕੂਲ ਦੇ ਮੇਨ ਗੇਟ ਅਤੇ ਚਾਰਦੀਵਾਰੀ ਨੂੰ ਸ਼ਾਨਦਾਰ ਬਣਾਇਆ ਗਿਆ ਹੈ।ਬਾਹਰੀ ਦੀਵਾਰਾਂ ਤੇ ਉੱਕਰੀਆਂ ਸੱਭਿਆਚਾਰ ਨਾਲ ਸਬੰਧਿਤ ਤਸਵੀਰਾਂ ਰਾਹਗੀਰਾਂ ਨੂੰ ਦੋ ਪਲ ਖੜ ਕੇ ਸਕੂਲ ਨੂੰ ਦੇਖਣ ਲਈ ਮਜ਼ਬੂਰ ਕਰਦੀਆਂ ਹਨ।
ਸਕੂਲ ਦੇ ਅੰਦਰ ਵੜਦਿਆਂ ਸੋਹਣੇ ਪਾਰਕ ਅਤੇ ਫੁਹਾਰੇ ਇਕ ਵੱਖਰੀ ਹੀ ਦੁਨੀਆਂ ਵਿੱਚ ਲੈ ਜਾਂਦੇ ਹਨ।ਸਕੂਲ ਦਾ ਹਰੇਕ ਰੂਮ ਸਮਾਰਟ ਰੂਮ ਹੈ ਅਤੇ ਇਸ ਵਿੱਚ ਹਰੇਕ ਸਹੂਲਤ ਮੌਜੂਦ ਹੈ।ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸਕੂਲ ਵਿੱਚ ਏਅਰ ਕੰਡੀਸ਼ਨਰ ਲਗਾਏ ਗਏ ਹਨ । ਸਕੂਲ ਦੇ ਦਫ਼ਤਰ,ਲਾਇਬ੍ਰੇਰੀ ਅਤੇ ਪਾਰਕਾਂ ਦੀ ਖੂਬਸੂਰਤੀ ਹਰੇਕ ਨੂੰ ਮੋਹ ਲੈਣ ਵਾਲੀ ਹੈ।ਸਕੂਲ ਵਿੱਚ ਅਤਿ ਆਧੁਨਿਕ ਮਿਡ ਡੇ ਮੀਲ ਰੂਮ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ।ਸਕੂਲ ਅਧਿਆਪਕ ਕੁਲਦੀਪ ਸਿੰਘ,ਗੁਰਦੇਵ ਸਿੰਘ, ਮੈਡਮ ਅਨੀਤਾ ਦੀ ਸਕੂਲ ਨੂੰ ਬਹੁਤ ਵੱਡੀ ਦੇਣ ਹੈ।ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ. ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਹ ਸਕੂਲ ਨੂੰ ਹਰੇਕ ਪੱਖ ਤੋਂ ਬੁਲੰਦੀਆਂ ਤੇ ਲਿਜਾਣ ਲਈ ਨਿਰੰਤਰ ਕੋਸ਼ਿਸ਼ ਕਰ ਰਹੇ ਹਨ ।
ਸਮਾਰਟ ਸਕੂਲ ਕੋਆਰਡੀਨੇਟਰ ਸ. ਅਮਨਦੀਪ ਸਿੰਘ ਅਤੇ ਜ਼ਿਲ੍ਹਾ ਸਮਾਰਟ ਮੈਂਟਰ ਸ.ਗੁਰਦੀਪ ਸਿੰਘ ਨੇ ਕਿਹਾ ਕਿ ਇਹ ਸਕੂਲ ਜ਼ਿਲ੍ਹੇ ਦਾ ਬਿਹਤਰੀਨ ਸਕੂਲ ਹੈ ਅਤੇ ਜਲਦੀ ਹੀ ਸਿੱਖਿਆ ਦੇ ਖੇਤਰ ਵਿੱਚ ਇੱਕ ਵੱਖਰੀ ਮਿਸਾਲ ਕਾਇਮ ਕਰੇਗਾ।ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਪਰਮਜੀਤ ਸਿੰਘ ਨੇ ਕਿਹਾ ਕਿ ਸੱਚਮੁੱਚ ਸਾਡੇ ਅਧਿਆਪਕ ਆਪਣੀ ਪੂਰੀ ਤਨਦੇਹੀ ਨਾਲ ਆਪਣੀ ਕਰਮਭੂਮੀ ਨੂੰ ਸਜਾਉਣ ਅਤੇ ਇਸਦੇ ਅੰਦਰ ਪੜਦੇ ਨੰਨ੍ਹੇ ਮੁੰਨੇ ਬਾਲਾਂ ਦੇ ਉੱਜਲੇ ਭਵਿੱਖ ਲਈ ਹਰ ਪਲ ਉਤਾਵਲੇ ਹਨ। ਉਹਨਾਂ ਸਮੂਹ ਸਟਾਫ ਨੂੰ ਇੰਜ ਹੀ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।