ਬਠਿੰਡਾ, 21 ਮਈ (ਸੁਰੇਸ਼ ਰਹੇਜਾ) : ਸੂਬਾ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੇ ਚਲਦਿਆਂ ਇਸ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੇ ਮੱਦੇਨਜ਼ਰ ਦੂਸਰੀ ਸਪੈਸ਼ਲ ਆਕਸੀਜਨ ਐਕਸਪ੍ਰੈਸ ਟ੍ਰੇਨ ਗੁਜਰਾਤ ਦੇ ਹਜ਼ੀਰਾ ਤੋਂ 16-16 ਐਮ.ਟੀ. ਦੇ 2 ਕੰਨਟੇਨਰ ਲੈ ਕੇ ਬੀਤੀ ਦੇਰ ਸ਼ਾਮ ਬਠਿੰਡਾ ਵਿਖੇ ਪਹੁੰਚ ਗਈ ਹੈ। ਇੱਥੋਂ ਦੇ ਕੈਂਟ ਰੇਲਵੇ ਸਟੇਸ਼ਨ ‘ਤੇ ਪਹੁੰਚੀ ਇਸ ਸਪੈਸ਼ਲ ਟ੍ਰੇਨ ਨੂੰ ਡਿਪਟੀ ਕਮਿਸ਼ਨਰ ਵੱਲੋਂ ਰਿਸੀਵ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਮੌਜੂਦਾ ਸਮੇਂ ਜ਼ਿਲੇ ਵਿੱਚ ਆਕਸੀਜਨ ਗੈਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ ਅਤੇ ਭਵਿੱਖ ਵਿੱਚ ਵੀ ਆਕਸੀਜਨ ਗੈਸ ਨੂੰ ਲੈ ਕੇ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਉਨਾਂ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਆਕਸੀਜਨ ਗੈਸ ਦੀ ਵੰਡ ਸਬੰਧਿਤ ਹਸਪਤਾਲਾਂ ਨੂੰ ਉਨਾਂ ਦੀ ਲੋੜ ਮੁਤਾਬਿਕ ਕੀਤੀ ਜਾਵੇ।
ਇਸ ਮੌਕੇ ਡੀ.ਐਮ. ਮਾਰਕਫੈਡ ਸ਼੍ਰੀ ਐਚ. ਐਸ. ਧਾਲੀਵਾਲ, ਤਹਿਸੀਲਦਾਰ ਬਠਿੰਡਾ ਸ਼੍ਰੀ ਸੁਖਬੀਰ ਸਿੰਘ ਬਰਾੜ, ਜੇ.ਐਸ. ਗੈਸ ਦੇ ਮਾਲਕ ਦੀਪਇੰਦਰ ਤੋਂ ਇਲਾਵਾ ਭਾਰਤੀ ਸੈਨਾ ਅਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।