112/181 ਹੈਲਪਲਾਈਨ ‘ਤੇ ਫ਼ੋਨ ਆਉਣ ਉਪਰੰਤ ਵਿਸ਼ੇਸ਼ ਟੀਮਾਂ ਮਰੀਜ਼ਾਂ ਦੇ ਘਰਾਂ ‘ਚ ਪਹੁੰਚਾਉਣਗੀਆਂ ਤਿਆਰ ਭੋਜਨ : SSP ਨਵਜੋਤ ਸਿੰਘ
ਪਹਿਲੀ ਕਾਲ ‘ਤੇ ਟਾਂਡਾ ਖੇਤਰ ਦੇ ਪਾਜਿਟਿਵ ਮਰੀਜ਼ ਨੂੰ ਪਹੁੰਚਾਇਆ ਖਾਣਾ
ਹੁਸ਼ਿਆਰਪੁਰ, 14 ਮਈ (ਜਸਵੀਰ ਸਿੰਘ ਪੁਰੇਵਾਲ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਕੱਲ ਗਰੀਬ ਕੋਵਿਡ ਮਰੀਜ਼ਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਾਉਣ ਦੇ ਐਲਾਨ ਉਪਰੰਤ ਅੱਜ ਸਥਾਨਕ ਪੁਲਿਸ ਲਾਈਨ ‘ਚ ਬਣਾਈ ‘ਕੋਵਿਡ ਕੈਂਟੀਨ’ ਤੋਂ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਇਸ ਭਲਾਈ ਕਾਰਜ ਦੀ ਸ਼ੁਰੂਆਤ ਕਰਾਈ।
ਕੋਵਿਡ ਮਰੀਜ ਭੋਜਨ ਨਾ ਮਿਲਣ ਦੀ ਸੂਰਤ ਵਿਚ 181 ਅਤੇ 112 ਹੈਲਪਲਾਈਨ ਨੰਬਰ ਤੇ ਸੰਪਰਕ ਕਰ ਸਕਦੇ ਹਨ
ਲ਼ੋੜਵੰਦ ਕੋਵਿਡ ਮਰੀਜ਼ਾਂ ਲਈ ਇਸ ਉਪਰਾਲੇ ਨੂੰ ਸ਼ੁਰੂ ਕਰਨ ਮੌਕੇ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਡੀ. ਜੀ. ਪੀ. ਦਿਨਕਰ ਗੁਪਤਾ ਦੇ ਨਿਰਦੇਸ਼ਾਂ ‘ਤੇ ਅੱਜ ਜਿਲੇ ‘ਚ ਭੋਜਨ ਮੁਹੱਈਆ ਕਰਾਉਣ ਦੀ ਸ਼ੁਰੂਆਤ ਨਾਲ ਹੁਣ ਗਰੀਬ ਅਤੇ ਬੇਸਹਾਰਾ ਕੋਵਿਡ ਮਰੀਜ ਹੈਲਪਲਾਈਨ ਨੰਬਰ 112 ਤੇ 181 ਉਤੇ ਕਾਲ ਕਰ ਸਕਦੇ ਹਨ ।ਉਨ੍ਹਾਂ ਦੱਸਿਆ ਕਿ ਮਰੀਜਾਂ ਦੇ ਘਰਾਂ ਤੱਕ ਭੋਜਨ ਪਹੁੰਚਾਉਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਿਹੜੀਆਂ ਉਨ੍ਹਾਂ ਨੂੰ ਬਿਲਕੁਲ ਤਿਆਰ ਭੋਜਨ ਸੌਂਪਣਗੀਆਂ। ਉਨ੍ਹਾਂ ਦੱਸਿਆ ਕਿ ਇਹ ਭੋਜਨ ਬਹੁਤ ਹੀ ਪੌਸ਼ਟਿਕ, ਸਿਹਤਮੰਦ, ਸ਼ੁੱਧ ਅਤੇ ਸਾਫ਼-ਸੁਥਰਾ ਹੈ ਜਿਸ ਵਿੱਚ ਇਕ ਦਾਲ, ਇਕ ਸਬਜ਼ੀ, ਸਲਾਦ ਅਤੇ ਫੁਲਕੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਿਲਾ ਪੁਲਿਸ ਨੂੰ ਅੱਜ ਸਭ ਤੋਂ ਪਹਿਲੀ ਕਾਲ ਟਾਂਡਾ ਖੇਤਰ ਤੋਂ ਇਕ ਪਾਜਿਟਿਵ ਮਰੀਜ਼ ਦੀ ਆਈ ਜਿਸ ਨੂੰ ਸੰਬੰਧਤ ਟੀਮ ਵੱਲੋਂ ਉਸਦੇ ਘਰ ਭੋਜਨ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਫੂਡ ਡਲਿਵਿਰੀ ਵੈਨਾਂ ਰਾਹੀਂ ਭਿੱਜਣ ਮਰੀਜਾਂ ਤੱਕ ਪੁਜੱਦਾ ਕੀਤਾ ਜਾਵੇਗਾ।
ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਸ ਮਨੁੱਖਤਾਵਾਦੀ ਉਪਰਾਲੇ ਹੇਠ ਮਰੀਜ ਦਿਨ-ਰਾਤ ਕਿਸੇ ਵੀ ਸਮੇਂ ਉਤੇ ਇਨ੍ਹਾਂ ਨੰਬਰਾਂ ਉਤੇ ਕਾਲ ਕਰ ਸਕਦੇ ਹਨ ਅਤੇ ਪੰਜਾਬ ਪੁਲੀਸ ਵੱਲੋਂ ਕੋਵਿਡ ਰਸੋਈਆਂ ਅਤੇ ਡਲਿਵਰੀ ਟੀਮਾਂ ਰਾਹੀਂ ਉਨ੍ਹਾਂ ਦੇ ਘਰ ਤੱਕ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਹੁਸ਼ਿਆਰਪੁਰ ਪੁਲਿਸ ਲਾਈਨ ‘ਚ ਸਥਾਪਿਤ ‘ਕੋਵਿਡ ਕੈਂਟੀਨ’ ਤੋਂ ਵੱਖ-ਵੱਖ ਟੀਮਾਂ ਐਸ.ਪੀ. (ਡੀ) ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਡੀ ਐਸ ਪੀਜ ਜਸਪ੍ਰੀਤ ਸਿੰਘ ਅਤੇ ਮਾਧਵੀ ਸ਼ਰਮਾ ਦੀ ਦੇਖ-ਰੇਖ ‘ਚ ਹੁਸ਼ਿਆਰਪੁਰ ਸ਼ਹਿਰ ਅਤੇ ਇਸਦੇ ਨਾਲ ਲੱਗਦੇ ਪਿੰਡਾਂ ਵਿੱਚ ਹੈਲਪਲਾਈਨ ਨੰਬਰ ‘ਤੇ ਕਾਲ ਪ੍ਰਾਪਤ ਹੋਣ ਉਪਰੰਤ ਖਾਣਾ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਕੀ ਸਬ-ਡਵੀਜ਼ਨਾਂ ‘ਚ ਸੰਬੰਧਤ ਡੀ.ਐਸ. ਪੀਜ ਦੀ ਨਿਗਰਾਨੀ ਹੇਠ ਟੀਮਾਂ ਮਰੀਜ਼ਾਂ ਦੇ ਘਰੀਂ ਭੋਜਨ ਪਹੁੰਚਾਉਣਗੀਆਂ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਸੁਵਿਧਾ ਦਾ ਆਗਾਜ਼ ਹੋਣ ਨਾਲ ਜਿਲੇ ਵਿੱਚ ਕਿਤੇ ਵੀ ਰਹਿ ਰਹੇ ਕੋਵਿਡ ਮਰੀਜ ਭੋਜਨ ਨਾ ਮਿਲਣ ਦੀ ਸੂਰਤ ਵਿਚ 181 ਅਤੇ 112 ਹੈਲਪਲਾਈਨ ਨੰਬਰ ਤੇ ਸੰਪਰਕ ਕਰ ਸਕਦੇ ਹਨ।