ਕਿਹਾ : ਪੰਜਾਬ ਸਰਕਾਰ ਨੂੰ ਸੂਬੇ ਦੇ ਸਾਰੇ ਬਲਾਕਾਂ ਵਿਚ ਅਜਿਹੀਆਂ ਸਹੂਲਤਾਂ ਸਥਾਪਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ
ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਵੈਕਸੀਨ ਸਪਲਾਈ ਵਿਚਲਾ ਖੱਪਾ ਪੂਰਨ ਲਈ ਵੈਕਸੀਨ ਦਰਾਮਦ ਕਰਨ
ਤਲਵੰਡੀ ਸਾਬੋ, 08 ਮਈ (ਸੁਰੇਸ਼ ਰਹੇਜਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਦਮਦਮਾ ਸਾਹਿਬ ਵਿਖੇ ਬਣਾਇਆ 50 ਬੈਡਾਂ ਦਾ ਕੋਰੋਨਾ ਕੇਅਰ ਸੈਂਟਰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਸੈਂਟਰ ਵਿਚ ਕੋਰੋਨਾ ਮਰੀਜ਼ਾਂ ਲਈ ਆਕਸੀਜ਼ਨ ਤੇ ਦਵਾਈਆਂ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 25 ਬੈਡਾਂ ਦੇ ਨਾਲ ਆਕਸੀਜ਼ਨ ਕੰਸੈਂਟ੍ਰੇਟਰ ਲੱਗੇ ਹਨ। ਉਹਨਾਂ ਕਿਹਾ ਕਿ ਇਸ ਸੈਂਟਰ ਨੂੰ 24 ਘੰਟੇ 8 ਡਾਕਟਰ ਤੇ 24 ਨਰਸਾਂ ਚਲਾਉਣਗੀਆਂ। ਇਸ ਵਿਚ ਆਕਸੀਜ਼ਨ, ਦਵਾਈਆਂ ਤੇ ਖਾਣਾ ਮੁਫਤ ਪ੍ਰਦਾਨ ਕੀਤਾ ਜਾਵੇਗਾ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹੀਆਂ ਸਹੂਲਤਾ ਸਮੇਂ ਦੀ ਜ਼ਰੂਰਤ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦੇ ਬਾਰੇ ਬਲਾਕਾਂ ਵਿਚ ਅਜਿਹੀਆਂ ਸਹੂਲਤਾਂ ਸਥਾਪਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਕੋਰੋਨਾ ਹੁਣ ਪਿੰਡਾਂ ਵਿਚ ਫੈਲ ਰਿਹਾ ਹੈ। ਉਹਨਾਂ ਨੇ ਕੋਰੋਨਾ ਮਰੀਜ਼ਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਘਰ ਨਾ ਬੈਠਣ। ਉਹਨਾਂ ਕਿਹਾ ਕਿ ਪਹਿਲੇ ਕੁਝ ਦਿਨ ਬਹੁਤ ਅਹਿਮ ਹਨ। ਉਹ ਕੋਰੋਨਾ ਸੈਂਟਰ ਜਾਂ ਹਸਪਤਾਲ ਪਹੁੰਚਣ ਤਾਂ ਜੋ ਇਸ ਲੜਾਈ ਖਿਲਾਫ ਪਹਿਲੇ ਪੜਾਅ ਵਿਚ ਹੀ ਲੜਾਈ ਲੜੀ ਤੇ ਜਿੱਤੀ ਜਾ ਸਕੇ ਨਾ ਕਿ ਅਸੀਂ ਫੇਫੜਿਆਂ ਸਮੇਤ ਅਹਿਮ ਅੰਗਾਂ ਦਾ ਨੁਕਸਾਨ ਹੋਣ ਤੱਕ ਉਡੀਕ ਕਰਦੇ ਰਹੀਏ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਹ ਵੀ ਅਪੀਲ ਕੀਤੀ ਕਿ ਸੂਬੇ ਵਿਚ ਵੈਕਸੀਨ ਦੀ ਸਪਲਾਈ ਦਾ ਖੱਪਾ ਪੂਰਾ ਕਰਨ ਲਈ ਉਹ ਵੈਕਸੀਨ ਦਰਾਮਦ ਕਰਨ। ਉਹਨਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਸਾਡੇ ਲੋਕਾਂ ਨੂੰ ਵੈਕਸੀਨ ਲੱਗ ਜਾਵੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਵੈਕਸੀਨ ਦਰਾਮਦ ਕਰਨ ਦੀ ਆਗਿਆ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਸਾਨੂੰ ਮਨੁੱਖਤਾ ਵਾਸਤੇ ਜੋ ਚੰਗਾ ਹੋ ਸਕੇ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਆਕਸੀਜ਼ਨ ਕੰਸੈਂਟ੍ਰੇਟਰ ਵੀ ਦਰਾਮਦ ਕਰ ਰਹੀ ਹੈ।
ਇਕ ਸਵਾਲ ਦੇ ਜਵਾਬ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸੂਬਾ ਅਚਨਚੇਤ ਦੂਜੀ ਕੋਰੋਨਾ ਲਹਿਰ ਦੀ ਜਕੜ ਵਿਚ ਆ ਗਿਆ ਹੈ ਹਾਲਾਂਕਿ ਇਸ ਬਾਰੇ ਬਹੁਤ ਚੇਤਾਵਨੀਆਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਬਹੁਤ ਲੋੜੀਂਦੀਆਂ ਆਈ ਸੀ ਯੂ ਸਹੂਲਤਾਂ ਸਿਰਜਣ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਐਮ ਪੀ ਲੈਡ ਫੰਡਾਂ ਤੋਂ ਖਰੀਦ ਵੈਂਟੀਲੇਟਰ ਵੀ ਅਣਵਰਤੇ ਪਏ ਹਨ।
ਉਹਨਾਂ ਇਹ ਵੀ ਸਪਸ਼ਟ ਕਿਹਾ ਕਿ ਇਹ ਸਮਾਂ ਮੁੱਦੇ ’ਤੇ ਰਾਜਨੀਤੀ ਕਰਨ ਦਾ ਨਹੀਂ ਤੇ ਸਾਨੂੰ ਸਭ ਨੁੰ ਰਲ ਮਿਲ ਕੇ ਇਸ ਮਹਾਮਾਰੀ ਦਾ ਟਾਕਰਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਪ੍ਰਾਈਵੇਟ ਹਸਪਤਾਲਾਂ ਲਈ ਦਰਾਂ ਤੈਅ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਉਹ ਕੋਰੋਨਾ ਮਰੀਜ਼ਾਂ ਤੋਂ ਢਾਈ ਤੋਂ ਪੰਜ ਲੱਖ ਰੁਪਏ ਵਸੂਲ ਰਹੇ ਹਨ ਤੇ ਇਸ ਤੋਂ ਇਲਾਵਾ ਹੋਰ ਲੋਕ ਪੱਖੀ ਕਦਮ ਸਰਕਾਰ ਨੂੰ ਚੁੱਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਸਿਹਤ ਐਮਰਜੰਸੀ ਵੇਲੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਲਈ ਇਲਾਜ ਸਸਤਾ ਜਾਂ ਬਿਲਕੁਲ ਮੁਫਤ ਕਰ ਸਕਦੀ ਹੈ।
ਸ੍ਰੀ ਬਾਦਲ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਜ਼ਮੀਨੀ ਹਕੀਕਤਾਂ ਅਨੁਸਾਰ ਫੈਸਲੇ ਲੈਣੇ ਯਕੀਨੀ ਬਣਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਸਰਕਾਰ ਨੇ ਬਠਿੰਡਾ ਵਿਖੇ ਐਡਵਾਂਸ ਕੈਂਸਰ ਡਾਇਗਨੋਸਟਿਕ ਸੈਂਟਰ ਨੂੰ ਬੰਦ ਕਰਨ ਤੇ ਇਸਨੁੰ ਕੋਰੋਨਾ ਕੇਅਰ ਸੈਂਟਰ ਵਿਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ ਜਦਕਿ ਇਹ ਮਾਲਵਾ ਖਿੱਤੇ ਵਿਚ ਕੈਂਸਰ ਮਰੀਜ਼ਾਂ ਨੂੰ ਉਪਲਬਧ ਇਕਲੌਤੀ ਸਹੂਲਤ ਹੈ। ਉਹਨਾਂ ਕਿਹਾ ਕਿ ਬਦਲਵੀਂਆਂ ਸਹੂਲਤਾਂ ਉਪਲਬਧ ਹਨ ਜਿਹਨਾਂ ਦੀ ਵਰਤੋਂ ਕੀਤ ਜਾਣੀ ਚਾਹੀਦੀ ਹੈ ਤੇ ਅਜਿਹੇ ਫੈਸਲੇ ਹੋਰ ਮਹਿੰਗੇ ਸਾਬਤ ਹੋਣਗੇ ਤੇ ਕੀਮਤੀ ਜਾਨਾਂ ਲੈ ਸਕਦੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਕੇਅਰ ਸੈਂਟਰ ਜਿੰਨਾ ਚਿਰ ਮਰੀਜ਼ ਨੂੰ ਲੈਵਲ 2 ਇਲਾਜ ਦੀ ਜ਼ਰੂਰਤ ਹੋਵੇਗੀ, ਉਹਨਾਂ ਚਿਰ ਉਸਦੀ ਸੰਭਾਲ ਕਰੇਗਾ। ਉਹਨਾਂ ਕਿਹਾ ਕਿ ਜੇਕਰ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਹੈ ਤਾਂ ਫਿਰ ਉਸਨੂੰ ਸੈਂਟਰ ਦੀ ਵੈਂਟੀਲੇਟਰ ਨਾਲ ਲੈਸ ਐਂਬੂਲੈਂਸ ਰਾਹੀਂ ਮੁਫਤ ਨੇੜਲੇ ਲੋੜੀਂਦੇ ਹਸਪਤਾਲ ਵਿਚ ਸ਼ਿਫਟ ਕੀਤਾ ਜਾਵੇਗਾ।
ਹੋਰ ਵੇਰਵੇ ਸਾਂਝੇ ਕਰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਆਲਮਗੀਰ ਜਿਥੇ 25 ਬੈਡਾਂ ਦਾ ਸੈਂਟਰ ਕੁਝ ਦਿਨ ਪਹਿਲਾਂ ਬਣਾਇਆ ਗਿਆ ਹੈ, ਵਿਚ ਹੁਣ ਤੱਕ 55 ਮਰੀਜ਼ਾਂ ਨੇ ਇਲਾਜ ਦੀ ਸਹੂਲਤ ਲਈ ਹੈ ਤੇ 40 ਨੂੰ ਛੁੱਟੀ ਦੇ ਦਿੱਤੀ ਗਈ ਹੈ ਜਦਕਿ 3 ਗੰਭੀਰ ਮਰੀਜ਼ ਹਸਪਤਾਲ ਰੈਫਰ ਕੀਤੇ ਗਏ ਹਨ। ਇਸ ਮੌਕੇ ਸੀਨੀਅਰ ਆਗੂ ਸ੍ਰੀ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਸਨ।