ਆਕਸੀਜਨ ਗੈਸ ਲਈ ਹਸਪਤਾਲਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ
ਪ੍ਰਾਈਵੇਟ ਹਸਪਤਾਲਾਂ ਤੇ ਸਕੈਨ ਸੈਂਟਰਾਂ ਦੇ ਮਾਲਕਾਂ ਨਾਲ ਕੀਤੀ ਅਹਿਮ ਮੀਟਿੰਗ
ਬਠਿੰਡਾ, 06 ਮਈ (ਸੁਰੇਸ਼ ਰਹੇਜਾ) : ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਵੱਲੋਂ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜ਼ਿਲੇ ਦੇ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਅਤੇ ਸਿਟੀ ਸਕੈਨ ਸੈਂਟਰਾਂ ਦੇ ਮਾਲਕਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਉਨਾਂ ਪ੍ਰਾਈਵੇਟ ਹਸਪਤਾਲਾਂ ’ਚ ਕਰੋਨਾ ਮਰੀਜਾਂ ਦੇ ਚੱਲ ਰਹੇ ਇਲਾਜ ਸਬੰਧੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨਾਂ ਮੌਜੂਦ ਹਸਪਤਾਲਾਂ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਕਰੋਨਾ ਸਬੰਧੀ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਸਾਰੇ ਮਰੀਜਾਂ ਦਾ ਪਹਿਲ ਦੇ ਆਧਾਰ ਤੇ ਚੰਗੀ ਤਰਾ ਇਲਾਜ ਕਰਨ। ਇਲਾਜ ਵਿੱਚ ਕਿਸੇ ਤਰਾਂ ਦੀ ਦੇਰੀ ਅਤੇ ਅਨਗਹਿਲੀ ਨਾ ਕੀਤੀ ਜਾਵੇ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਹਾਜ਼ਰ ਡਾਕਟਰਾਂ ਨੂੰ ਇਹ ਵੀ ਵਿਸ਼ਵਾਸ ਦਵਾਇਆ ਕਿ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਉਨਾਂ ਨੂੰ ਆਕਸੀਜਨ ਗੈਸ ਸਿਲੰਡਰਾਂ ਤੇ ਹੋਰ ਲੋਂੜੀਦੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਮੁਹੱਇਆ ਕਰਵਾਇਆ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਜੇਕਰ ਕੋਈ ਵੀ ਪ੍ਰਾਈਵੇਟ ਹਸਪਤਾਲ ਜਾਂ ਕੋਈ ਵਿਅਕਤੀ ਜ਼ਿਲੇ ’ਚ ਆਕਸੀਜਨ ਗੈਸ ਪਲਾਂਟ ਲਗਾਉਣਾ ਚਾਹੁੰਦਾ ਹੈ, ਤਾਂ ਉਨਾਂ ਨੰੂ ਤੁਰੰਤ ਬਿਨਾਂ ਕਿਸੇ ਦੇਰੀ ਦੇ ਪ੍ਰਾਸ਼ਸਨ ਵੱਲੋਂ ਪਲਾਂਟ ਲਗਾਉਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਇਹ ਵੀ ਕਿਹਾ ਕਿ ਉਹ ਲੈਵਲ 2 ਅਤੇ ਲੈਵਲ 3 ਦੇ ਬੈੱਡਾਂ ਲਈ ਢੁਕਵਾਂ ਸਟਾਫ ਤੈਨਾਤ ਕਰਕੇ ਮੈਨ ਪਾਵਰ ਵਧਾਉਣ, ਤਾਂ ਜੋ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਤਰਾਂ ਦੀ ਸਮੱਸਿਆ ਨਾ ਆਵੇ। ਇਸ ਦੌਰਾਨ ਜ਼ਿਲੇ ਦੇ ਵੱਖ-ਵੱਖ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਅਤੇ ਸਿਟੀ ਸਕੈਨ ਸੈਂਟਰਾਂ ਦੇ ਮੌਜੂਦ ਨੁਮਾਇੰਦਿਆਂ ਵੱਲੋਂ ਜਿੱਥੇ ਉਨਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਾਂਝੀਆਂ ਕੀਤੀਆ ਗਈਆਂ ਉੱਥੇ ਹੀ ਉਨਾਂ ਵੱਲੋਂ ਲੋਂੜੀਦੇ ਸੁਝਾਅ ਵੀ ਦਿੱਤੇ ਗਏ।
ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਕੋਵਿਡ ਸੈਲ ਦੇ ਜ਼ਿਲਾ ਇੰਚਾਰਜ ਸ੍ਰੀ ਮਨਪ੍ਰੀਤ ਸਿੰਘ ਅਰਸ਼ੀ ਤੋਂ ਇਲਾਵਾ ਜ਼ਿਲੇ ਦੇ ਵੱਖ-ਵੱਖ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਅਤੇ ਸਿਟੀ ਸਕੈਨ ਸੈਂਟਰਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।