ਬਠਿੰਡਾ, 04 ਮਈ (ਸੁਰੇਸ਼ ਰਹੇਜਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਐੱਮਡੀ-ਕਮ-ਚੇਅਰਮੈਨ ਸ਼੍ਰੀ ਏ ਵੇਣੂ ਪ੍ਰਸਾਦ, ਆਈਏਐੱਸ ਦੀ ਯੋਗ ਅਗਵਾਈ ਹੇਠ ਪੀਐੱਸਪੀਸੀਐੱਲ ਵੱਲੋਂ ਖਪਤਕਾਰਾਂ ਨੂੰ ਵਧੀਆ, ਭਰੋਸੇਮੰਦ ਅਤੇ ਬਿਨਾਂ ਰੁਕਾਵਟ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਉਣ ਦੇ ਉਦੇਸ਼ ਤਹਿਤ ਅੱਜ ਇੱਥੇ ਸਥਿਤ ਪੁਰਾਣੀ ਟਰੱਕ ਯੂਨੀਅਨ ਨੇੜੇ ਹਨੂੰਮਾਨ ਚੌਕ ਵਿਖੇ 66 ਕੇਵੀ ਗਿ੍ਰਡ ਸਬ ਸਟੇਸ਼ਨ ਦਾ ਨੀਂਹ ਪੱਥਰ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਰੱਖਿਆ ਗਿਆ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਵਿਚ ਵਾਧੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਹੇਠ ਇਹ 66 ਕੇਵੀ ਗਿ੍ਰਡ ਸਬ ਸਟੇਸ਼ਨ ਸਥਾਪਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬਠਿੰਡਾ ਵਿਖੇ ਕਈ ਪ੍ਰਾਜੈਕਟ ਚੱਲ ਰਹੇ ਹਨ। ਜਿਨਾਂ ਵਿੱਚ ਹਨੂੰਮਾਨ ਚੌਕ ਵਿਖੇ ਕਰੀਬ 7.5 ਕਰੋੜ ਰੁਪਏ ਦੀ ਲਾਗਤ ਨਾਲ 66 ਕੇਵੀ ਸਬ ਸਟੇਸ਼ਨ ਬਣਾਇਆ ਜਾ ਰਿਹਾ ਹੈ। ਇਕ 66 ਕੇਵੀ ਸਬ ਸਟੇਸ਼ਨ ਗੁੜਤੀ ਵਿਖੇ ਕਰੀਬ 3.25 ਕਰੋੜ ਰੁਪਏ ਦੀ ਲਾਗਤ ਨਾਲ, ਇਕ 66 ਕੇਵੀ ਸਬ ਸਟੇਸ਼ਨ ਜੀਵਨ ਸਿੰਘ ਵਾਲਾ ਵਿਖੇ ਕਰੀਬ 5.30 ਕਰੋੜ ਰੁਪਏ ਦੀ ਲਾਗਤ ਨਾਲ, ਕਰੀਬ 5.93 ਕਰੋੜ ਰੁਪਏ ਦੀ ਲਾਗਤ ਨਾਲ 66 ਕੇਵੀ ਸਬ ਸਟੇਸ਼ਨ ਡੱਬਵਾਲੀ ਤੋਂ 66 ਕੇਵੀ ਡੀਸੀ ਲਾਈਨ ਅਤੇ ਪ੍ਰਸਤਾਵਿਤ ਰਿੰਗ ਰੋਡ-2 ਬਠਿੰਡਾ ਤੋਂ 66 ਕੇਵੀ ਸਬ ਸਟੇਸ਼ਨ ਐੱਮਈਐਸ (ਬਰਨਾਲਾ ਰੋਡ) ਲਾਈਨਾਂ ਦੀ ਸ਼ਿਫਟਿੰਗ, ਕਰੀਬ 1.41 ਕਰੋੜ ਰੁਪਏ ਦੀ ਲਾਗਤ ਨਾਲ 66 ਕੇਵੀ ਸਬ ਸਟੇਸ਼ਨ ਜੋਇੰਦ ਵਿਖੇ ਐਡੀਸ਼ਨਲ ਟੀ/ਐਫ 12.5 ਐਮਵੀਏ, ਕਰੀਬ 1.82 ਕਰੋੜ ਰੁਪਏ ਦੀ ਲਾਗਤ ਨਾਲ 66 ਕੇਵੀ ਧਾਨ ਸਿੰਘ ਖਾਨਾ-66 ਕੇਵੀ ਘਾਸੋ ਖਾਨਾ ਲਾਈਨ ਦੇ ਨਵੇਂ ਲਿੰਕ, ਕਰੀਬ 2.91 ਕਰੋੜ ਰੁਪਏ ਦੀ ਲਾਗਤ ਨਾਲ 66 ਕੇਵੀ ਤਲਵੰਡੀ- ਰਮਾ ਮੰਡੀ, ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਜੱਗਾ ਰਾਮ ਤੀਰਥ-ਨੰਗਲਾ ਜੋੜਕੀਆਂ ਤੋਂ 66 ਕੇਵੀ ਲਾਈਨ, ਨੰਗਲਾ ਜੋੜਕੀਆਂ-ਕਾਹਨੇਵਾਲ ਤੋਂ 66 ਕੇਵੀ ਲਾਈਨ, 220 ਝੁਨੀਰ – 66 ਕੇਵੀ ਸਰਦੂਲਗੜ ਦੀ ਐਲਆਈਐਲਓ, 66 ਕੇਵੀ ਕਾਹਨੇਵਾਲ ਵਿਖੇ 66 ਕੇਵੀ ਲਾਈਨ; ਕਰੀਬ 5.66 ਕਰੋੜ ਰੁਪਏ ਦੀ ਲਾਗਤ ਨਾਲ 66 ਕੇਵੀ ਤਲਵੰਡੀ-ਮੋੜ ਲਾਈਨ, ਕਰੀਬ 1.80 ਕਰੋੜ ਰੁਪਏ ਦੀ ਲਾਗਤ ਨਾਲ 66 ਕੇਵੀ ਝੁਨੀਰ- ਬੋਹਾ ਲਾਈਨ, ਕਰੀਬ 3.72 ਕਰੋੜ ਰੁਪਏ ਦੀ ਲਾਗਤ ਨਾਲ 66 ਕੇਵੀ ਆਈਜੀਸੀ (ਡੱਬਵਾਲੀ ਰੋਡ) – 66 ਕੇਵੀ ਐੱਮਈਐਸ (ਬਰਨਾਲਾ ਰੋਡ) ਬਠਿੰਡਾ ਅਤੇ ਕਰੀਬ 3.45 ਕਰੋੜ ਰੁਪਏ ਦੀ ਲਾਗਤ ਨਾਲ ਬੋਹਾ ਤੋਂ 66 ਕੇਵੀ ਚੱਕ ਅਲੀ ਸ਼ੇਰ 66 ਕੇਵੀ ਲਾਈਨ ਸ਼ਾਮਿਲ ਹਨ। ਇਸ ਸਾਲ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਮੌਕੇ ਡਾਇਰੈਕਟਰ ਡਿਸਟਰੀਬਿਊਸ਼ਨ ਇੰਜ. ਡੀਪੀਐਸ ਗਰੇਵਾਲ ਨੇ ਵਿੱਤ ਮੰਤਰੀ ਸਣੇ ਪਹੁੰਚੀਆਂ ਸਖਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਪਤਕਾਰਾਂ ਨੂੰ ਬਿਹਤਰੀਨ ਸੇਵਾਵਾਂ ਦੇਣਾ ਹਮੇਸ਼ਾਂ ਤੋਂ ਪੀਐੱਸਪੀਸੀਐੱਲ ਦਾ ਮੁੱਖ ਟੀਚਾ ਰਿਹਾ ਹੈ ਅਤੇ ਉਹ ਇਸ ਦਿਸ਼ਾ ਵਿਚ ਲਗਾਤਾਰ ਅੱਗੇ ਵਧ ਰਹੇ ਹਨ। ਉਨਾਂ ਨੇ ਖੁਲਾਸਾ ਕੀਤਾ ਕਿ ਇਸ ਗਿ੍ਰਡ ਨੂੰ ਜੋੜਨ ਵਾਸਤੇ ਬੀਬੀ ਵਾਲਾ ਚੌਕ ਤੋਂ 66 ਕੇਵੀ ਲਾਈਨ ਅੰਡਰਗਰਾਊਂਡ ਪਾਈ ਜਾਵੇਗੀ, ਜਿਸ ਨਾਲ ਸ਼ਹਿਰ ਦੀ ਦਿੱਖ ਖ਼ਰਾਬ ਨਹੀਂ ਹੋਵੇਗੀ। ਇਸ ਗਿ੍ਰਡ ਸਬ ਸਟੇਸ਼ਨ ਦੇ ਚਾਲੂ ਹੋਣ ਨਾਲ ਸ਼ਹਿਰ ਦੇ ਮੇਨ ਬਾਜ਼ਾਰ ਜਿਵੇਂ ਕਿ ਮਾਲ ਰੋਡ, ਬੈਂਕ ਬਾਜ਼ਾਰ, ਕਿੱਕਰ ਬਾਜ਼ਾਰ, ਮਹਿਣਾ ਚੌਕ, ਭੱਟੀ ਰੋਡ, ਨਾਮਦੇਵ ਚੌਂਕ, ਗਣੇਸ਼ਾ ਬਸਤੀ, ਅਗਰਵਾਲ ਕਲੋਨੀ ਅਤੇ ਨਵੀਂ ਬਸਤੀ ਇਲਾਕੇ ਨੂੰ ਸਿੱਧੇ ਤੌਰ ਤੇ ਫ਼ਾਇਦਾ ਮਿਲੇਗਾ। ਇਸ ਤੋਂ ਇਲਾਵਾ, ਇਸ 66 ਕੇਵੀ ਗਰਿੱਡ ਸਬ ਸਟੇਸ਼ਨ ਦੇ ਬਣਨ ਨਾਲ 66 ਕੇਵੀ ਸਬ ਸਟੇਸ਼ਨ ਸਿਵਲ ਲਾਈਨ, 66 ਕੇਵੀ ਸਬ ਸਟੇਸ਼ਨ ਐੱਮਈਐੱਸ, 66 ਕੇਵੀ ਸਬ ਸਟੇਸ਼ਨ ਸੰਗੂਆਣਾ, 66 ਕੇਵੀ ਸਬ ਸਟੇਸ਼ਨ ਸੀ-ਕੰਮਬੋਜ ਆਦਿ ਸਬ ਸਟੇਸ਼ਨਾਂ ਤੇ ਲੋਡ ਘਟ ਜਾਵੇਗਾ ਅਤੇ ਇਨਾਂ ਸਬ ਸਟੇਸ਼ਨਾਂ ਤੋਂ ਚਲਦੀਆਂ ਸ਼ਹਿਰ ਦੀਆਂ ਸਾਰੀਆਂ ਬਸਤੀਆਂ ਨੂੰ ਅਸਿੱਧੇ ਤੌਰ ਤੇ ਫਾਇਦਾ ਮਿਲੇਗਾ ਤੇ ਸ਼ਹਿਰ ਦੀ ਬਿਜਲੀ ਸਪਲਾਈ ਆਉਣ ਵਾਲੇ ਸਮੇਂ ਵਿੱਚ ਮਿਆਰੀ ਹੋ ਜਾਵੇਗੀ।