ਮੁਕੇਰੀਆ (ਜਸਵੀਰ ਸਿੰਘ ਪੁਰੇਵਾਲ) : ਸੂਬੇ ਦੇ ਕਿਸਾਨ ਆਪਣੀ ਕਣਕ ਦੀ ਫਸਲ ਲੈ ਕੇ ਮੰਡੀਆਂ ਵਿਚ ਰੁਲ ਰਹੇ ਹਨ ਤੇ ਆੜਤੀ ਵਰਗ ਬਾਰਦਾਨਾ ਨਾ ਮਿਲਣ ਕਾਰਨ ਪ੍ਰੇਸ਼ਾਨ ਹੈ ਲੇਕਿਨ ਇਸ ਸਭ ਦੇ ਬਾਵਜੂਦ ਸੂਬੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲਾਂ ਵਿਚ ਬੇਪ੍ਰਵਾਹੀ ਦੇੇ ਆਲਮ ਵਿਚ ਬੈਠਾ ਹੋਇਆ ਹੈ, ਇਹ ਪ੍ਰਗਟਾਵਾ ਦਾਣਾ ਮੰਡੀ ਹਾਜੀਪੁਰ ਦਾ ਦੌਰਾ ਕਰਨ ਸਮੇਂ ਕਿਸਾਨਾਂ ਤੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ ਤੇ ਅਕਾਲੀ ਆਗੂ ਜਥੇਦਾਰ ਕਿਰਪਾਲ ਸਿੰਘ ਗੇਰਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਨਾਂ ਦੋਵਾਂ ਆਗੂਆਂ ਨੇ ਅੱਗੇ ਕਿਹਾ ਕਿ ਮੰਡੀਆਂ ਵਿਚ ਫਸਲ ਲੈ ਕੇ ਪੁੱਜਣ ਵਾਲੇ ਕਿਸਾਨਾਂ ਨੂੰ ਸਭ ਤੋਂ ਪਹਿਲਾ ਜਿੱਥੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਖੱਜਲ ਕੀਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਜਿਨਾਂ ਕਿਸਾਨਾਂ ਵੱਲੋਂ ਆਪਣੀ ਫਸਲ ਵੇਚੀ ਜਾ ਚੁੱਕੀ ਹੈ ਉਨਾਂ ਨੂੰ ਸਰਕਾਰ ਵੱਲੋਂ ਸਮੇਂ ਸਿਰ ਅਦਾਇਗੀ ਨਾ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਹਾਜੀਪੁਰ ਮੰਡੀ ਦੇ ਦੌਰਾਨ ਸਰਬਜੋਤ ਸਿੰਘ ਸਾਬੀ, ਜਥੇ.ਕਿਰਪਾਲ ਸਿੰਘ ਗੇਰਾ ਤੇ ਲਖਵਿੰਦਰ ਸਿੰਘ ਟਿੰਮੀ ਅਤੇ ਹੋਰ
ਸਰਬਜੋਤ ਸਾਬੀ ਤੇ ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਮੌਜੂਦਾ ਸਮੇਂ ਮੰਡੀਆਂ ਵਿਚ ਮੌਜੂਦ ਸ਼ੈੱਡਾਂ ਹੇਠ ਫਸਲ ਦੇ ਅੰਬਾਰ ਇਸ ਕਰਕੇ ਲੱਗੇ ਹੋਏ ਹਨ ਕਿਉਕਿ ਲਿਫਟਿੰਗ ਠੀਕ ਢੰਗ ਨਾਲ ਨਹੀਂ ਹੋ ਰਹੀ ਜਿਸ ਕਾਰਨ ਮੰਡੀ ਪੁੱਜ ਰਹੇ ਕਿਸਾਨਾਂ ਨੂੰ ਆਪਣੀ ਫਸਲ ਸ਼ੈੱਡ ਦੇ ਬਾਹਰ ਖੁੱਲੇ ਆਸਮਾਨ ਹੇਠ ਉਤਾਰਨੀ ਪੈ ਰਹੀ ਹੈ ਤੇ ਜਿਵੇਂ ਪਿਛਲੇ ਦਿਨਾਂ ਤੋਂ ਮੌਸਮ ਖਰਾਬ ਚੱਲ ਰਿਹਾ ਹੈ ਉਸ ਕਾਰਨ ਕਿਸਾਨਾਂ ਤੇ ਆੜਤੀਆਂ ਦੇ ਸਾਹ ਸੂਤੇ ਪਏ ਹਨ ਕਿਉਕਿ ਜੇਕਰ ਮੀਂਹ ਪੈਂਦਾ ਹੈ ਤਾਂ ਇਸ ਨਾਲ ਫਸਲ ਦਾ ਵੱਡਾ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਆੜਤੀ ਵਰਗ ਦਾ ਇਹ ਕਹਿਣਾ ਹੈ ਕਿ ਇਸ ਸੀਜਨ ਵਿਚ ਜਿੰਨੀ ਮੁਸ਼ਕਿਲ ਕਿਸਾਨਾਂ ਤੇ ਆੜਤੀਆਂ ਨੂੰ ਝੱਲਣੀ ਪੈ ਰਹੀ ਹੈ ਇੰਨੀ ਪਿਛਲੇ ਸਮੇਂ ਦੌਰਾਨ ਕਦੇ ਵੀ ਪੇਸ਼ ਨਹੀਂ ਆਈ ਸੀ। ਸਰਬਜੋਤ ਸਾਬੀ ਨੇ ਕਿਹਾ ਕਿ ਮੌਜੂਦਾ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ-ਆੜਤੀਆਂ ਜਾਂ ਕਹਿ ਲਵੋ ਕਿ ਸੂਬੇ ਦੀ ਫਿਕਰ ਛੱਡ ਕੇ ਬੱਸ ਇਸ ਵਿਉਤਬੰਦੀ ਵਿਚ ਹੀ ਲੱਗੇ ਹੋਏ ਹਨ ਕਿ ਕਿਵੇਂ 2022 ਦੀਆਂ ਵਿਧਾਨ ਸਭਾ ਚੋਣਾ ਲਈ ਉਹ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਕਾਂਗਰਸ ਦਾ ਚੇਹਰਾ ਫਿਰ ਬਣ ਸਕਣ ਲੇਕਿਨ ਇਸ ਸਮੇਂ ਲੋੜ ਇਸ ਗੱਲ ਦੀ ਸੀ ਕਿ ਮੁੱਖ ਮੰਤਰੀ ਖੁੁਦ ਸੂਬੇ ਦੀਆਂ ਮੰਡੀਆਂ ਵਿਚ ਪੁੱਜ ਕੇ ਕਿਸਾਨਾਂ ਤੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣ ਉਨਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਦੇ। ਉਨਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੂੰ ਸੂਬੇ ਦੀ ਸੱਤਾ ਸੰਭਾਲਿਆ ਚਾਰ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਲੇਕਿਨ ਸੂਬੇ ਦੇ ਵਿਕਾਸ ਲਈ ਇਸ ਸਮੇਂ ਦੌਰਾਨ ਕੀਤੀ ਗਈ ਪ੍ਰਾਪਤੀ ਪ੍ਰਤੀ ਦੱਸਣ ਲਈ ਸਰਕਾਰ ਕੋਲ ਕੁਝ ਵੀ ਮੌਜੂਦ ਨਹੀਂ ਹੈ ਤੇ ਇਸ ਦਾ ਜਵਾਬ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾ ਪੰਜਾਬ ਦੇ ਲੋਕਾਂ ਨੂੰ ਦੇਣਾ ਪਵੇਗਾ ਤੇ ਦੱਸਣਾ ਪਵੇਗਾ ਕਿ 2017 ਦੀਆਂ ਚੋਣਾ ਤੋਂ ਪਹਿਲਾ ਕੀਤੇ ਵਾਅਦਿਆਂ ਦਾ ਕੀ ਬਣਿਆ ਤੇ ਕਿਉ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ। ਸਰਬਜੋਤ ਸਾਬੀ ਨੇ ਮੰਡੀ ਵਿਚ ਮੌਜੂਦ ਕਿਸਾਨਾਂ ਤੇ ਆੜਤੀਆਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਜਲਦ ਹੀ ਸੂਬਾ ਸਰਕਾਰ ਨੇ ਕਿਸਾਨਾਂ ਤੇ ਆੜਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਨਾ ਕੀਤਾ ਤਦ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਖਿਲਾਫ ਲੋਕਾਂ ਦੀ ਅਵਾਜ ਨੂੰ ਬੁਲੰਦ ਕੀਤਾ ਜਾਵੇਗਾ। ਇਸ ਮੌਕੇ ਅਕਾਲੀ ਆਗੂ ਲਖਵਿੰਦਰ ਸਿੰਘ ਟਿੰਮੀ, ਸੰਤੋਖ ਸਿੰਘ ਦਾਲੋਵਾਲ, ਪ੍ਰਭਾਤ ਸਿੰਘ, ਜਰਨੈਲ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ ਸੈਣੀ ਹਾਜੀਪੁਰ ਤੇ ਗੁਰਮੇਲ ਸਿੰਘ ਵੀ ਮੌਜੂਦ ਸਨ।
ਕੈਪਸ਼ਨ-ਹਾਜੀਪੁਰ ਮੰਡੀ ਦੇ ਦੌਰਾਨ ਦੌਰਾਨ ਸਰਬਜੋਤ ਸਿੰਘ ਸਾਬੀ, ਜਥੇ.ਕਿਰਪਾਲ ਸਿੰਘ ਗੇਰਾ ਤੇ ਲਖਵਿੰਦਰ ਸਿੰਘ ਟਿੰਮੀ।