ਪੰਜਾਬ, 29 ਅਪ੍ਰੈਲ (ਬਿਊਰੋ) : ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਸੋਢੀ ਕਿਸੇ ਉਦਯੋਗਪਤੀ ਦੇ ਘਰ ਪੁੱਜੇ। ਜਿੱਥੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਦੇ ਚੈਲੰਜ ‘ਤੇ ਸਵਾਲ ਕੀਤਾ ਗਿਆ। ਇਸ ਮੌਕੇ ਰਾਣਾ ਸੋਢੀ ਨੇ ਕਿਹਾ ਕਿ ਬੇਅਦਬੀ ਮਾਮਲੇ ‘ਤੇ ਕੇਵਲ ਨਵਜੋਤ ਸਿੱਧੂ ਨੂੰ ਫਿਕਰ ਨਹੀਂ, ਸਾਨੂੰ ਸਾਰਿਆਂ ਨੂੰ ਹੈ। ਉਨ੍ਹਾਂ ਕਿਹਾ ਮੈ ਖੁਦ ਇੱਕ ਸਿੱਖ ਹਾਂ, ਕੈਪਟਨ ਸਾਹਿਬ ਸਿੱਖ ਹਨ।
ਇਸ ਮੁੱਦੇ ‘ਤੇ ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਕੇਸ ਸੀਬੀਆਈ ਨੇ ਬੰਦ ਕਰ ਦਿੱਤਾ ਸੀ ਪਰ ਕੈਪਟਨ ਸਾਹਿਬ ਨੇ ਸੀਬੀਆਈ ਤੋਂ ਕੇਸ ਵਾਪਸ ਲੈ ਕੇ ਪੰਜਾਬ ਪੁਲਿਸ ਨੂੰ ਦਿੱਤਾ। ਇਸ ਦੇ ਚੱਲਦੇ ਸਿੱਟ ਬਣਾ ਇਸ ਦੀ ਜਾਂਚ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਹਾਈਕੋਰਟ ਵੱਲੋਂ ਕੁਝ ਖਾਮੀਆਂ ਦੱਸੀਆਂ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਇਸ ‘ਤੇ ਮੜ ਜਾਂਚ ਕਰਨ ਲਈ ਨਵੀਂ ਕਮੇਟੀ ਬਣਾ ਰਹੇ ਹਨ ਤਾਂ ਜੋ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾ ਸਕੇ।
ਇਸ ਦੇ ਨਾਲ ਹੀ ਜਨਰਲ ਜੇਜੇ ਸਿੰਘ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਉਨ੍ਹਾਂ ਦਾ ਮਾਈਂਡ ਸੈੱਟ ਨਹੀਂ। ਇਸ ਕਰਕੇ ਉਨ੍ਹਾਂ ਨੂੰ ਨਹੀਂ ਪਤਾ ਲੱਗਦਾ ਕਿ ਉਹ ਕੀ ਬੋਲ ਰਹੇ ਹਨ। ਉਹ ਚੋਣ ਲੜੇ ਅਕਾਲੀ ਦਲ ਵੱਲੋਂ ਤੇ ਹੁਣ ਬੋਲ ਰਹੇ ਹਨ ਕਿ ਅਕਾਲੀ ਦਲ ਤੇ ਕਾਂਗਰਸ ਰਲੇ ਹੋਏ ਹਨ। ਜੇ ਉਹ ਸਿਆਸੀ ਬੰਦੇ ਹੁੰਦੇ ਤਾਂ ਉਹ ਇਹ ਨਾ ਬੋਲਦੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਨਵਜੋਤ ਸਿੱਧੂ ਵਿਚਾਲੇ ਕਲੇਸ਼ ਹੁਣ ਵਧਦਾ ਜਾ ਰਿਹਾ ਹੈ। ਕੈਪਟਨ ਵੱਲੋਂ ਨਵਜੋਤ ਸਿੱਧੂ ਉੱਪਰ ਸਿੱਧਾ ਹਮਲਾ ਕਰਨ ਮਗਰੋਂ ਕਾਂਗਰਸ ਦੇ ਇੱਕ ਹੋਰ ਵਿਧਾਇਕ ਪਰਗਟ ਸਿੰਘ ਵੀ ਮੈਦਾਨ ਵਿੱਚ ਆ ਗਏ ਹਨ।
ਉਨ੍ਹਾਂ ਨੇ ਵੀ ਆਪਣੀ ਸਰਕਾਰ ਉੱਪਰ ਸਵਾਲ ਉਠਾਉਂਦਿਆਂ ਕਿਹਾ ਕਿ 2017 ਵਿੱਚ ਅਸੀਂ ਕਿਹਾ ਸੀ ਕਿ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਵਾਵਾਂਗੇ। ਚਾਰ ਸਾਲ ਬਾਅਦ ਅਸੀਂ ਉੱਥੇ ਦੇ ਉੱਥੇ ਹੀ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਰਾਜ ਭਾਗ ਸਮੇਂ ਪੋਸ਼ਾਕ ਦਾ ਮਾਮਲਾ ਖੜ੍ਹਾ ਹੋਇਆ ਸੀ। ਅਸੀਂ ਅਜੇ ਤੱਕ ਗੁਰੂਆਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਵਾ ਸਕੇ। ਇਸ ਲਈ ਅਕਾਲੀ ਅੱਜ ਖੁਸ਼ ਹਨ।
ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬੇਅਦਬੀ ਦਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ। ਇਸ ਲਈ ਜਿੰਮੇਵਾਰੀ ਤਾਂ ਲੈਣੀ ਪਵੇਗੀ। ਲੋਕਾਂ ਨੂੰ ਦੱਸਣਾ ਪਏਗਾ ਕਿ ਇਹ ਜ਼ਿੰਮੇਵਾਰੀ ਕਿਸ ਦੀ ਹੈ। ਪਰਗਟ ਸਿੰਘ ਦਾ ਸਵਾਲ ਕੈਪਟਨ ਵੱਲ ਹੀ ਸੀ ਕਿਉਂਕਿ ਗ੍ਰਹਿ ਮੰਤਰਾਲਾ ਉਨ੍ਹਾਂ ਕੋਲ ਹੈ। ਇਹੀ ਸਵਾਲ ਨਵਜੋਤ ਸਿੱਧੂ ਨੇ ਉਠਾਇਆ ਸੀ।
ਪਰਗਟ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਪ੍ਰਸ਼ਾਸਕ ਤੋਂ ਅਜਿਹੀਆਂ ਗੱਲਾਂ ਦੀ ਆਸ ਨਹੀਂ ਸੀ ਜੋ ਹੋ ਰਹੀਆਂ ਹਨ। ਉਨ੍ਹਾਂ ਕੈਪਟਨ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਤੁਸੀਂ ਆਪਣਾ ਸਰਵੇ ਕਰਵਾ ਲਓ, ਆਪਾਂ ਨੂੰ ਪਤਾ ਲੱਗ ਜਾਏਗਾ ਕਿ ਅਸੀਂ ਖੜ੍ਹੇ ਕਿੱਥੇ ਹਾਂ। ਮੁੱਖ ਮੰਤਰੀ ਆਪਣਾ ਹੀ ਸਰਵੇ ਕਰਵਾ ਲੈਣ।
ਨਵਜੋਤ ਸਿੰਧੂ ਬਾਰੇ ਕੈਪਟਨ ਦੇ ਹਮਲੇ ‘ਤੇ ਪਰਗਟ ਸਿੰਘ ਨੇ ਕਿਹਾ ਕਿ ਕੋਈ ਗਲਤ ਬੋਲਦਾ, ਕੋਈ ਠੀਕ ਬੋਲਦਾ, ਮੈਟਰ ਤਾਂ ਜਸਟਿਸ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਨਵਜੋਤ ਸਿੱਧੂ ਬਾਰੇ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ। ਮੁੱਖ ਮੰਤਰੀ ਸੁਬੇ ਦਾ ਪਿਓ ਹੁੰਦਾ ਹੈ। ਅਜਿਹੇ ਵੱਡੇ ਲੀਡਰ ਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ।