ਪੰਜਾਬ (ਨਿਊਜ਼ 24 ਪੰਜਾਬ) : ਪੰਜਾਬ ਸਰਕਾਰ ਨੇ ਸੂਬੇ ਵਿੱਚ ਰਾਤ ਵੇਲੇ ਕਰਫਿਊ ਦੇ ਸਮੇਂ ਵਿੱਚ ਦੋ ਘੰਟੇ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਤਾਲਾਬੰਦੀ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਮੁਤਾਬਕ ਸਰਕਾਰ ਨੇ ਨਾਈਟ ਕਰਫਿਊ ਦਾ ਸਮਾਂ ਸ਼ਾਮ ਛੇ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੁਕਾਨਾਂ ਬੰਦ ਕਰਨ ਦਾ ਸਮਾਂ ਸ਼ਾਮ ਪੰਜ ਵਜੇ ਕਰ ਦਿੱਤਾ ਗਿਆ ਹੈ ਤਾਂ ਜੋ ਕੰਮਕਾਜਾਂ ‘ਤੇ ਜਾਣ ਵਾਲੇ ਲੋਕ ਛੇ ਵਜੇ ਤੱਕ ਘਰੋ-ਘਰੀ ਪਹੁੰਚ ਸਕਣ। ਹਫ਼ਤੇ ਦੇ ਅਖੀਰਲੇ ਦਿਨ ਯਾਨੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਰੱਖਣ ਦਾ ਹੁਕਮ ਹੈ। ਪੰਜਾਬ ਵਿੱਚ ਕੋਰੋਨਾਵਾਇਰਸ ਦਾ ਤੇਜ਼ੀ ਨਾਲ ਵਧਦਾ ਫੈਲਾਅ ਰੋਕਣ ਲਈ ਮੰਤਰੀ ਮੰਡਲ ਦੀ ਤਾਜ਼ਾ ਬੈਠਕ ਵਿੱਚ ਇਹ ਫੈਸਲੇ ਲਏ ਗਏ ਹਨ।
ਪੰਜਾਬ ਦੀ ਮਦਦ ਲਈ ਭਾਰਤੀ ਸੈਨਾ ਆਈ ਸਾਹਮਣੇ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਦੀ ਜੰਗ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਹਾਇਤਾ ਦੀ ਅਪੀਲ ਦੇ ਜਵਾਬ ਵਿੱਚ ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਅੱਜ ਹਸਪਤਾਲਾਂ ਵਿੱਚ ਮੈਡੀਕਲ ਕਰਮੀਆਂ ਦੀ ਕਮੀ ਦੀ ਫੌਰੀ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਨੂੰ ਮੈਡੀਕਲ ਸਟਾਫ ਅਤੇ ਡਾਕਟਰੀ ਸਿਖਲਾਈਯਾਫ਼ਤਾ ਕਰਮਚਾਰੀਆਂ ਦੀਆਂ ਸੇਵਾਵਾਂ ਸਣੇ ਹਰ ਸੰਭਵ ਮੱਦਦ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਹੀ ਸੂਬੇ ਦੇ ਮੌਜੂਦਾ ਸਮੇਂ ਬੰਦ ਪਏ ਪੁਰਾਣੇ ਆਕਸੀਜਨ ਪਲਾਟਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਮੱਦਦ ਦੀ ਪੇਸ਼ਕਸ਼ ਕੀਤੀ ਗਈ ਹੈ।
ਪੱਛਮੀ ਕਮਾਂਡ ਦੇ ਜੀ.ਓ.ਸੀ-ਇਨ-ਸੀ ਲੈਫਟੀਨੈਂਟ ਜਨਰਲ ਆਰ.ਪੀ. ਸਿੰਘ, ਏ.ਵੀ.ਐਸ.ਐਮ, ਵੀ.ਐਸ.ਐਮ ਨੇ ਸੀਨੀਅਰ ਕਮਾਂਡ ਅਧਿਕਾਰੀਆਂ ਨਾਲ ਮੁੱਖ ਮੰਤਰੀ ਦੀ ਇੱਕ ਵਰਚੁਅਲ ਮੀਟਿੰਗ ਦੌਰਾਨ ਪ੍ਰਸਤਾਵਿਤ 100 ਬਿਸਤਰਿਆਂ ਵਾਲੀ ਕੋਵਿਡ ਸਹੂਲਤ ਨੂੰ ਚਲਾਉਣ ਲਈ ਸਟਾਫ ਮੁਹੱਈਆ ਕਰਵਾਉਣ ਦੀ ਵੀ ਪੇਸ਼ਕਸ਼ ਕੀਤੀ। ਇਹ ਹਸਪਤਾਲ ਉਸ ਇਮਾਰਤ ਵਿੱਚ ਸਥਾਪਤ ਕਰਨ ਦੀ ਤਜਵੀਜ਼ ਹੈ ਜੋ ਇਸ ਮਕਸਦ ਹਿੱਤ ਸੀ.ਐਸ.ਆਈ.ਆਰ. ਵੱਲੋਂ ਸੂਬਾ ਸਰਕਾਰ ਨੂੰ ਮੁਹੱਈਆ ਕਰਵਾਈ ਗਈ ਹੈ।