ਬਠਿੰਡਾ, 22 ਅਪ੍ਰੈਲ (ਸੁਰੇਸ਼ ਰਹੇਜਾ) : ਇੱਥੋਂ ਦੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਪਹਿਲੀ ਮੰਜ਼ਿਲ ’ਤੇ 70 ਲੱਖ ਦੀ ਲਾਗਤ ਨਾਲ ਬਣਾਈ ਗਈ “ਦਿ ਯੂਥ ਲਾਇਬ੍ਰੇਰੀ” ਅਤੇ ਸਕਿੱਲ ਕੰਪਿਊਟਰ ਲੈਬ ਦਾ ਉਦਘਾਟਨ ਕਰਨ ਉਪਰੰਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਕਿਹਾ ਕਿ ਹੁਣ ਇਸ ਨਾਲ ਬਠਿੰਡਾ ਦੇ ਮਿਹਨਤੀ, ਹੋਣਹਾਰ ਤੇ ਹੁਸ਼ਿਆਰ ਵਿਦਿਆਰਥੀਆਂ ਲਈ ਆਈ.ਏ.ਐਸ., ਪੀ.ਸੀ.ਐਸ. ਅਤੇ ਹੋਰ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਦੇ ਸੁਪਨੇ ਪੂਰੇ ਹੋਣਗੇ। ਉਨਾਂ ਇਹ ਵੀ ਦੱਸਿਆ ਕਿ ਵਿੱਤੀ ਵਰੇ ਦੌਰਾਨ ਜ਼ਿਲੇ ਦੇ 100 ਪਿੰਡਾਂ ਵਿੱਚ ਵੀ ਪੇਂਡੂ ਵਿਦਿਆਰਥੀਆਂ ਦੀ ਸਹੂਲਤ ਲਈ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ ਤਾਂ ਜੋ ਪਿੰਡਾਂ ਦੇ ਵਿਦਿਆਰਥੀ ਵੀ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਆਸਾਨੀ ਨਾਲ ਕਰ ਸਕਣ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਫਾਇਦਾ ਉਠਾ ਕੇ ਆਪਣੇ ਸੁਪਨੇ ਪੂਰੇ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਥੇ ਚਾਹਵਾਨ ਵਿਦਿਆਰਥੀ ਬਿਨਾਂ ਕੋਈ ਫੀਸ ਦਿੱਤਿਆਂ ਮੁਫ਼ਤ ਵਿੱਚ ਬੈਠ ਕੇ ਪੜਾਈ ਕਰ ਸਕਣਗੇ। ਉਨਾਂ ਇਹ ਵੀ ਦੱਸਿਆ ਕਿ ਇੱਥੇ ਆਈ.ਏ.ਐਸ. ਤੋਂ ਲੈ ਕੇ ਹੋਰ ਮੁਕਾਬਲੇ ਦੇ ਇਮਤਿਹਾਨਾਂ ਦੀਆਂ 3 ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਕਿਤਾਬਾਂ ਉਪਲੱਬਧ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਆਨਲਾਈਨ ਪੜਾਈ ਲਈ 10 ਕੰਪਿਊਟਰ ਅਤੇ 5 ਕਿੰਡਲ ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਵਿਦਿਆਰਥੀ ਆਨਲਾਈਨ ਕਿਤਾਬਾਂ ਪੜ ਕੇ ਤਿਆਰ ਕਰ ਸਕਣਗੇ।
ਜ਼ਿਲਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਮੁੱਖ ਕਾਰਜਕਾਰੀ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਪ੍ਰੇਰਨਾ ਸਦਕਾ ਬਣਾਈ ਗਈ ਇਸ ਲਾਇਬ੍ਰੇਰੀ ਵਿੱਚ ਵਿਦਿਆਰਥੀਆਂ ਲਈ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੀਆਂ ਕਿਤਾਬਾਂ ਤੋਂ ਇਲਾਵਾ ਆਤਮ-ਵਿਸ਼ਵਾਸ ਵਧਾਉਣ, ਸਕਿੱਲ ਅਤੇ ਪ੍ਰਸਨੈਲਟੀ ਡਿਵੈਲਪਮੈਂਟ ਤੋਂ ਇਲਾਵਾ ਧਾਰਮਿਕ, ਇਤਿਹਾਸ ਨਾਲ ਸਬੰਧਤ ਕਿਤਾਬਾਂ ਮੌਜੂਦ ਹਨ। ਇਸ ਤੋਂ ਇਲਾਵਾ ਵੱਖ-ਵੱਖ ਤਰਾਂ ਦੇ ਅਖਬਾਰਾਂ, ਮੈਗਜ਼ੀਨ ਅਤੇ ਰਸਾਲਿਆਂ ਤੋਂ ਇਲਾਵਾ ਬੱਚਿਆਂ ਦੇ ਮਨੋਰੰਜਨ ਲਈ ਵੀ ਵਿਸ਼ੇਸ਼ ਤੌਰ ’ਤੇ ਕਿਤਾਬਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਵਧੀਕ ਡਿਪਟੀ ਕਮਿਸ਼ਨਰ ਸ. ਪਰਮਵੀਰ ਸਿੰਘ ਨੇ ਅੱਗੇ ਇਹ ਵੀ ਦੱਸਿਆ ਕਿ ਇੱਥੇ ਕੋਈ ਵੀ ਵਿਦਿਆਰਥੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਬੈਠ ਕੇ ਮੁਫ਼ਤ ਕਿਤਾਬਾਂ ਪੜ ਸਕਦੇ ਹਨ। ਉਨਾਂ ਕਿਹਾ ਕਿ ਇਹ ਲਾਇਬ੍ਰੇਰੀ ਸੋਮਵਾਰ ਤੋਂ ਲੈ ਕੇ ਸ਼ੁਕਰਵਾਰ ਤੱਕ ਸਵੇਰੇ 9 ਤੋਂ ਸ਼ਾਮ 8 ਵਜੇ ਤੱਕ, ਸ਼ਨੀਵਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਅਤੇ ਐਤਵਾਰ ਨੰੂ ਬੰਦ ਰਹੇਗੀ। ਉਨਾਂ ਇਹ ਵੀ ਦੱਸਿਆ ਕਿ ਲਾਇਬ੍ਰੇਰੀ ਵਿੱਚ ਬੈਠ ਕੇ ਪੜਣ ਦੌਰਾਨ ਵਿਦਿਆਰਥੀਆਂ ਦੇ ਦਿਮਾਗ ਨੰੂ ਤਰੋ-ਤਾਜ਼ਾ ਰੱਖਣ ਲਈ ਸਪੈਸ਼ਲ ਮਿਊਜਕ ਰੂਮ ਵੀ ਬਣਾਇਆ ਗਿਆ ਹੈ, ਜਿਸ ਵਿੱਚ ਵਿਦਿਆਰਥੀ ਪੀਆਨੋ ਦੀ ਵਰਤੋਂ ਕਰ ਸਕਣਗੇ। ਉਨਾਂ ਕਿਹਾ ਕਿ ਪੂਰੀ ਤਰਾਂ ਏਅਰ ਕੰਡੀਸ਼ਨਡ ਇਸ ਲਾਇਬ੍ਰੇਰੀ ’ਚ ਵਿਦਿਆਰਥੀਆਂ ਦੀ ਸਹੂਲਤ ਅਤੇ ਉਨਾਂ ਦੇ ਸਮੇਂ ਦੀ ਮਹੱਤਤਾ ਨੂੰ ਦੇਖਦੇ ਹੋਏ ਪੀਣ ਲਈ ਸਾਫ਼ ਤੇ ਠੰਡੇ ਪਾਣੀ ਤੋਂ ਇਲਾਵਾ ਕੈਫੇਟੇਰੀਆ ਵੀ ਬਣਾਇਆ ਗਿਆ ਹੈ।
ਉਨਾਂ ਦੱਸਿਆ ਕਿ ਇਸ ਲਾਇਬ੍ਰੇਰੀ ’ਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸੰਕਲਪ ਪ੍ਰੋਜੈਕਟ ਅਧੀਨ ਵਿਸ਼ੇਸ਼ ਕੰਪਿਊਟਰ ਲੈਬ ਸਥਾਪਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਲਾਇਬ੍ਰੇਰੀ ਨੂੰ ਬਣਾਉਣ ’ਚ ਸ਼ਹਿਰ ਦੀਆਂ ਵੱਖ-ਵੱਖ ਵਪਾਰਿਕ ਸੰਸਥਾਵਾਂ ਤੇ ਪਤਵੰਤੇ ਸੱਜਣਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ, ਜਿਨਾਂ ’ਚ ਆਈ.ਸੀ.ਆਈ. ਸੀ. ਆਈ. ਬੈਂਕ ਵੱਲੋਂ ਫਰਨੀਚਰ, ਏ.ਯੂ ਬੈਂਕ ਵੱਲੋਂ ਕਿਤਾਬਾਂ ਅਤੇ ਐਨ.ਆਰ.ਆਈ. ਕਰਮਜੀਤ ਸਿੰਘ ਢਿੱਲੋਂ ਕੋਟਫੱਤਾ ਵੱਲੋਂ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ.ਰਾਜਦੀਪ ਸਿੰਘ ਬਰਾੜ, ਐਨ.ਆਰ.ਆਈ. ਕਰਮਜੀਤ ਸਿੰਘ ਢਿੱਲੋਂ ਕੋਟਫੱਤਾ, ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ ਸ੍ਰੀ ਤੀਰਥਪਾਲ ਸਿੰਘ, ਮੈਨੇਜਰ ਸਕਿੱਲ ਡਿਵੈਲਪਮੈਂਟ ਸ੍ਰੀ ਚਾਂਦ ਠਾਕੁਰ ਤੋਂ ਇਲਾਵਾ ਆਈ.ਸੀ.ਆਈ. ਸੀ. ਆਈ. ਅਤੇ ਏ.ਯੂ ਬੈਂਕ ਦੇ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।