ਬਠਿੰਡਾ 16 ਅਪ੍ਰੈਲ (ਸੁਰੇਸ਼ ਰਹੇਜਾ) : ਜ਼ਿਲ੍ਹੇ ਅਧੀਨ ਪੈਂਦੇ ਪਿੰਡ ਵਿਰਕ ਕਲਾਂ ਦੇ ਇੱਕ ਵਿਅਕਤੀ ਤੇ ਪਿੰਡ ਦੀ ਪੰਚਾਇਤ ਵਲੋਂ ਕਥਿਤ ਝੋਟਾ ਚੋਰੀ ਦੇ ਇਲਜਾਮ ਉਪਰੰਤ ਪਿੰਡ ਵਿਚੋਂ ਬਾਹਰ ਰਹਿਣ ਲਈ ਮਜ਼ਬੂਰ ਕਰਨ ਤੇ ਮਿਲੀ ਸ਼ਿਕਾਇਤ ਉਪਰੰਤ ਪੰਜਾਬ ਰਾਜ ਅਨੁਸੂਚਿਤ ਜਾਤੀ ਦੇ ਮੈਂਬਰਾਂ ਨੇ ਸ਼ਖਤ ਨੋਟਿਸ ਲਿਆ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਦੇ ਮੈਂਬਰ ਸ਼੍ਰੀ ਗਿਆਨ ਚੰਦ ਅਤੇ ਸ਼੍ਰੀ ਪ੍ਰਭਦਿਆਲ ਨੇ ਬਠਿੰਡਾ ਸਰਕਟ ਹਾਊਸ ਵਿਖੇ ਪਹੁੰਚ ਕੇ ਸਰਪੰਚ ਅਤੇ ਪਿੰਡ ਦੀ ਪੰਚਾਇਤ ਨੂੰ ਤਲਬ ਕਰਕੇ ਮਾਮਲੇ ਦੀ ਜਾਂਚ ਕੀਤੀ ਗਈ।
ਜਾਂਚ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਦੇ ਮੈਂਬਰ ਸ਼੍ਰੀ ਗਿਆਨ ਚੰਦ ਅਤੇ ਸ਼੍ਰੀ ਪ੍ਰਭਦਿਆਲ ਨੇ ਕਿਹਾ ਕਿ ਇਸ ਮਾਮਲੇ ਦੀ ਸਾਰੀ ਜਾਂਚ-ਪੜਤਾਲ ਕਰਨ ਉਪਰੰਤ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਪਿੰਡ ਦੀ ਪੰਚਾਇਤ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਆਰੰਭ ਕੀਤੀ ਜਾਵੇਗੀ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਿਸੇ ਵੀ ਸੰਸਥਾ ਜਾਂ ਵਿਅਕਤੀ ਕੋਲ ਕਿਸੇ ਵੀ ਵਿਅਕਤੀ ਨੂੰ ਪਿੰਡ ਨੂੰ ਛੱਡਣ ਲਈ ਮਜ਼ਬੂਰ ਨਹੀਂ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਹੈ। ਇਸ ਮਾਮਾਲੇ ਵਿਚ ਜੇਕਰ ਸਰਪੰਚ ਜਾਂ ਪੰਚਾਇਤ ਦੋਸ਼ੀ ਪਾਈ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ਼ ਸੰਵਿਧਾਨ ਦੀ ਉਲੰਘਣਾ ਕਰਨ ਦੇ ਮੱਦੇਨਜ਼ਰ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਉਪਰੰਤ ਪੰਜਾਬ ਰਾਜ ਅਨੁਸੂਚਿਤ ਜਾਤੀ ਦੇ ਮੈਂਬਰਾਂ ਵਲੋਂ ਪਿੰਡ ਵਿਰਕ ਕਲਾਂ ਵਿਚ ਜਾ ਕੇ ਸਾਰੇ ਮਾਮਲੇ ਦੀ ਜਾਂਚ-ਪੜਤਾਲ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਭਲਾਈ ਅਫ਼ਸਰ ਸ. ਸਰਦੂਲ ਸਿੰਘ, ਡੀ.ਐਸ.ਪੀ. ਸ਼੍ਰੀ ਦਵਿੰਦਰ ਸਿੰਘ, ਬੀ.ਡੀ.ਪੀ.ਓ ਬਠਿੰਡਾ ਸ਼੍ਰੀ ਅਭਿਨਵ ਅਤੇ ਦਲਿਤ ਮਹਾਂ ਪੰਚਾਇਤ ਦੇ ਚੇਅਰਮੈਨ ਤੇ ਮੈਂਬਰ ਐਫ਼.ਸੀ.ਆਈ. ਸ਼੍ਰੀ ਕਿਰਨਜੀਤ ਗਹਿਰੀ ਆਦਿ ਹਾਜ਼ਰ ਸਨ।