
ਜੰਡਿਆਲਾ ਗੁਰੂ(ਕੰਵਲਜੀਤ ਸਿੰਘ ਲਾਡੀ ) : ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਅੱਜ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਆਪਣੇ ਹਲਕੇ ਜੰਡਿਆਲਾ ਗੁਰੂ ਦੇ ਵਿੱਚ 1.36 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਕੰਮ ਸਕੂਲੀ ਬੱਚਿਆਂ ਨੂੰ ਸਮਰਪਿਤ ਕੀਤੇ। ਉਹਨਾਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਗੁੰਨੋਵਾਲ, ਸਰਕਾਰੀ ਐਲੀਮੈਂਟਰੀ ਸਕੂਲ ਧਾਰੜ, ਸਰਕਾਰੀ ਐਲੀਮੈਂਟਰੀ ਸਕੂਲ ਤਾਰਾਗੜ੍ਹ, ਸਰਕਾਰੀ ਐਲੀਮੈਂਟਰੀ ਸਕੂਲ ਮੱਲੀਆਂ, ਸਰਕਾਰੀ ਐਲੀਮੈਂਟਰੀ ਸਕੂਲ ਬਲੀਆਂ ਮੰਝਪੁਰ, ਸਰਕਾਰੀ ਮਿਡਲ ਸਕੂਲ ਧਾਰੜ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤਾਰਾਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਮੱਲੀਆਂ ਦਾ ਦੌਰਾ ਕੀਤਾ ਅਤੇ ਇਹਨਾਂ ਸਕੂਲਾਂ ਵਿੱਚ ਪਿਛਲੇ ਥੋੜੇ ਅਰਸੇ ਦੌਰਾਨ ਸ਼ੁਰੂ ਕੀਤੇ ਗਏ ਕਮਰੇ, ਸਾਇੰਸ ਲੈਬ, ਗਰਾਉਂਡ ਅਤੇ ਚਾਰਦੀਵਾਰੀ ਦੇ ਕੰਮ ਦਾ ਉਦਘਾਟਨ ਸਕੂਲੀ ਬੱਚਿਆਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਕੀਤਾ।
ਇਸ ਮੌਕੇ ਪਿੰਡਾਂ ਦੇ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਸਕੂਲਾਂ ਨੂੰ ਸਰਕਾਰ ਕਰੋੜਾਂ ਰੁਪਏ ਦੀ ਗਰਾਂਟਾਂ ਦੇ ਰਹੀ ਹੈ। ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸੋਚ ਹੈ, ਜਿਨਾਂ ਨੇ ਸਕੂਲਾਂ ਨੂੰ ਇਹ ਸੋਚ ਕੇ ਦਿਲ ਖੋਲ ਕੇ ਗਰਾਂਟਾਂ ਦਿੱਤੀਆਂ ਹਨ ਕਿ ਇਹ ਸਾਡੇ ਬੱਚਿਆਂ ਉੱਤੇ ਕੀਤਾ ਜਾਣ ਵਾਲਾ ਨਿਵੇਸ਼ ਹੈ ।
ਹਲਕਾ ਜੰਡਿਆਲਾ ਗੁਰੂ ਵਿੱਚ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਅਧੀਨ ਵੱਖ ਵੱਖ ਸਕੂਲਾਂ ਵਿੱਚ ਕੰਮਾਂ ਦਾ ਉਦਘਾਟਨ ਕਰਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ।
ਉਹਨਾਂ ਕਿਹਾ ਕਿ ਜਦੋਂ ਇੱਕ ਘਰ ਦਾ ਬੱਚਾ ਪੜ੍ਹ ਜਾਂਦਾ ਹੈ ਤਾਂ ਉਹ ਘਰ ਤਰੱਕੀ ਕਰ ਜਾਂਦਾ ਹੈ ਅਤੇ ਜੇਕਰ ਸਾਡੇ ਸਾਰੇ ਪਰਿਵਾਰਾਂ ਦੇ ਬੱਚੇ ਜੋ ਆਮ ਘਰਾਂ ਦੇ ਬੱਚੇ ਹਨ ਅਤੇ ਮਹਿੰਗੇ ਸਕੂਲਾਂ ਦੀਆਂ ਫੀਸਾਂ ਨਹੀਂ ਸਨ ਦੇ ਸਕਦੇ, ਵੀ ਪੜ੍ ਲਿਖ ਜਾਣਗੇ ਤਾਂ ਸਾਡੇ ਪਿੰਡ ਤਰੱਕੀ ਕਰਨਗੇ । ਸਾਡੇ ਪਿੰਡ ਤਰੱਕੀ ਕਰਨਗੇ ਤੇ ਸਾਡਾ ਰਾਜ ਤਰੱਕੀ ਕਰੇਗਾ। ਉਹਨਾਂ ਕਿਹਾ ਕਿ ਇਹਨਾਂ ਸਕੂਲਾਂ ਦੇ ਉੱਤੇ ਕੀਤਾ ਗਿਆ ਨਿਵੇਸ਼ ਆਉਣ ਵਾਲੇ ਸਾਲਾਂ ਵਿੱਚ ਨਤੀਜੇ ਦੇਵੇਗਾ, ਜਦੋਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਆਰਥਿਕ ਤੌਰ ਉੱਤੇ ਮੁਹਾਂਦਰਾ ਬਦਲ ਜਾਵੇਗਾ।