
ਜੰਡਿਆਲਾ ਗੁਰੂ 08 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਬੀਤੀ ਸ਼ਾਮ ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਮੱਤੇਵਾਲ ਦੇ ਗੁਰਦੁਆਰਾ ਪੂਰਨਮਾਸ਼ੀ ਵਿਖੇ ਬਾਬਾ ਨਿਰਮਲ ਸਿੰਘ ਜੀ ਅਤੇ ਸਮੁੱਚੀ ਗੁਰਦੁਆਰਾ ਕਮੇਟੀ ਦੀ ਦੇਖ ਰੇਖ ਹੇਂਠ ਇਲਾਕੇ ਦੀ ਸੰਗਤ ਵੱਲੋੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਤੇ ਪੰਥਕ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਦੀਪ ਸਿੰਘ ਲੁਧਿਆਣਾ, ਬੀਬੀ ਮਨਜੀਤ ਕੌਰ ਪਹੁਵਿੰਡ, ਸ਼ੁਕਰਗੁਜ਼ਾਰ ਸਿੰਘ ਐਡਵੋਕੇਟ, ਭਾਈ ਮੱਖਣ ਸਿੰਘ ਧਾਲੀਵਾਲ ਨੇ ਆਪਣੀਆਂ ਧਾਰਮਿਕ ਕਵਿਤਾਵਾਂ ਰਾਹੀਂ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ।
ਸਮਾਗਮ ਦੀ ਸ਼ੁਰੂਆਤ ਬਾਬਾ ਬਲਵਿੰਦਰ ਸਿੰਘ ਜੀ ਮੱਤੇਵਾਲ ਨੇ ਰੱਸ ਭਿੰਨੇ ਕੀਰਤਨ ਨਾਲ ਕੀਤੀ। ਉਪਰੰਤ ਕਥਾਵਾਚਕ ਗਿਆਨੀ ਜਸਵਿੰਦਰ ਸਿੰਘ ਦਰਦੀ ਜੀ ਨੇ ਖਾਲਸਾਈ ਮਹਾਨਤਾ ਸੰਬੰਧੀ ਕਥਾ ਵਿਚਾਰਾਂ ਕੀਤੀਆਂ। ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਈ ਪ੍ਰਗਟ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਸੰਗਤਾਂ ਨਾਲ ਸਿੱਖੀ ਸਰੂਪ ਸੰਬੰਧੀ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਹਾਜ਼ਿਰ ਕਵੀਸ਼ਰ ਜਥਿਆਂ ਅਤੇ ਬੱਚਿਆਂ ਨੇ ਵੀ ਕਵਿਤਾਵਾਂ ਦੀ ਹਾਜ਼ਰੀ ਭਰੀ।
ਆਖਿਰ ਵਿੱਚ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਵਾਲਿਆਂ ਨੇ ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਦੇ ਨੁਮਾਇੰਦਿਆ ਸਮੇਤ ਹਾਜ਼ਿਰ ਧਾਰਮਿਕ ਆਗੂਆਂ ਦੇ ਨਾਲ ਪੰਥਕ ਕਵੀ ਮੱਖਣ ਸਿੰਘ ਧਾਲੀਵਾਲ ਜੀ ਨੂੰ ਕਸਬਾ ਜੰਡਿਆਲਾ ਗੁਰੂ ਦੇ ਪੰਥ ਪ੍ਰਸਿੱਧ ਕਵੀ ਤਰਲੋਕ ਸਿੰਘ ਦੀਵਾਨਾ ਜੀ ਦੀ ਯਾਦ ‘ਚ “ਪੰਜਵੇਂ ਤਰਲੋਕ ਸਿੰਘ ਦੀਵਾਨਾ ਯਾਦਗਾਰੀ ਪੰਥਕ ਕਵੀ ਅਵਾਰਡ” ਨਾਲ ਸਨਮਾਨਿਤ ਕੀਤਾ। ਸਥਾਨਕ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਅਤੇ ਨੌਜਵਾਨ ਪੰਥਕ ਕਵੀ ਮਲਕੀਤ ਸਿੰਘ ਨਿਮਾਣਾ ਨੇ ਪ੍ਰਚਾਰਕਾਂ, ਕਵੀਆਂ,ਕਥਾਵਾਚਕਾਂ, ਪਹੁੰਚੇ ਧਾਰਮਿਕ ਆਗੂਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।