
ਜੰਡਿਆਲਾ ਗੁਰੂ, 25 ਫਰਵਰੀ (ਕੰਵਲਜੀਤ ਸਿੰਘ) : ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਰਹੇ ਸਾਬਕਾ ਬਲਾਕ ਸੰਮਤੀ ਮੈਂਬਰ ਮੋਹਨ ਰਾਮ ਨਾਜੋਆਣੀ ਨੇ ਦਰਜਨਾਂ ਸਾਥੀਆਂ ਮੌਜੂਦਾ ਮੈਂਬਰ ਪੰਚਾਇਤ ਅਮਰੀਕ ਰਾਮ , ਕੁਲਬੀਰ ਰਾਮ ਸਾਬਕਾ ਮੈਂਬਰ ਪੰਚਾਇਤ , ਸਿੰਦੂ ਰਾਮ ਸਾਬਕਾ ਪੰਚ , ਬੁੰਗਾ ਰਾਮ , ਲੱਡੂ ਰਾਮ , ਬਾਊ ਰਾਮ , ਸੇਵਾ ਰਾਮ , ਬੱਬੂ ਰਾਮ , ਲਵਜੀਤ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ । ਭਾਜਪਾ ਦੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਅਤੇ ਚੇਅਰਮੈਨ ਕੰਵਰਬੀਰ ਸਿੰਘ ਮੰਜ਼ਿਲ ਨੇ ਸ਼ਾਮਿਲ ਹੋਏ ਪਰਿਵਾਰਾਂ ਨੂੰ ਪਾਰਟੀ ਦੇ ਸਿਰੋਪੇ ਦੇ ਕੇ ਸਨਮਾਨਿਤ ਕਰਦਿਆਂ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦੇਣ ਦਾ ਭਰੋਸਾ ਦਵਾਇਆ ।
ਇਸ ਮੌਕੇ ‘ਤੇ ਬੋਲਦਿਆਂ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਪੰਜਾਬ ਵਿੱਚੋਂ ਸਫਾਇਆ ਤੈਅ ਹੈ । ਪੰਜਾਬ ਦੇ ਲੋਕਾਂ ਨੂੰ ਦਿੱਲੀ ਮਾਡਲ ਦੀ ਝੂਠੀ ਤਸਵੀਰ ਦਿਖਾ ਕੇ ਗੁੰਮਰਾਹ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਵੀ ਪਛਾਣ ਚੁੱਕੇ ਹਨ । ਮਹਿਲਾਵਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦਾ ਝੂਠਾ ਵਾਅਦਾ, ਬੇਰੁਜ਼ਗਾਰਾਂ ਨੂੰ ਮਹਿੰਗਾਈ ਭੱਤਾ ਦੇਣ ਦੇ ਝੂਠੇ ਵਾਅਦੇ ਅੱਜ ਤਿੰਨ ਸਾਲ ਮਗਰੋਂ ਵੀ ਪੂਰੇ ਨਹੀਂ ਹੋਏ। ਇਸੇ ਤਰ੍ਹਾਂ ਕਾਂਗਰਸ ਨੇ ਵੀ ਪੰਜਾਬ ਵਿੱਚ ਸਰਕਾਰਾਂ ਬਣਾ ਕੇ ਗਰੀਬ ਲੋਕਾਂ ਦੀ ਬਾਤ ਨਹੀਂ ਪੁੱਛੀ । ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਸੱਤਾਧਾਰੀ ਪਾਰਟੀ ਦੇ ਲੋਕ ਇੱਕ ਵਾਰ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲੋਕਾਂ ਦੇ ਕੱਚੇ ਕੋਠੇ ਪੱਕੇ ਕਰਨ ਦੇ ਲਾਲਚ ਦੇ ਰਹੇ ਹਨ ।
ਉਨ੍ਹਾਂ ਆਖਿਆ ਕਿ ਪੈਰ ਪੈਰ ‘ਤੇ ਝੂਠ ਬੋਲਣ ਵਾਲੀ ਇਸ ਪਾਰਟੀ ਨੂੰ ਲੋਕ ਚਲਦਾ ਕਰਨ ਲਈ ਤਿਆਰ ਬਰ ਤਿਆਰ ਹਨ । ਇਸ ਮੌਕੇ ‘ਤੇ ਬੋਲਦਿਆਂ ਚੇਅਰਮੈਨ ਕੰਵਰਬੀਰ ਸਿੰਘ ਮੰਜ਼ਿਲ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਵਿੱਚ ਭਾਜਪਾ ਦੀਆਂ ਜੜ੍ਹਾਂ ਦਿਨੋ ਦਿਨ ਮਜ਼ਬੂਤ ਹੋ ਰਹੀਆਂ ਹਨ। ਵੱਡੀ ਗਿਣਤੀ ਵਿੱਚ ਲੋਕਾਂ ਦਾ ਭਾਜਪਾ ਵੱਲ ਝੁਕਾਅ ਹਲਕੇ ਵਿੱਚ ਤਬਦੀਲੀ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ , ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੋਂ ਅੱਕ ਕੇ ਭਾਜਪਾ ਵਿੱਚ ਵਿਸ਼ਵਾਸ ਤੇ ਭਰੋਸਾ ਪ੍ਰਗਟਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬ ਵਰਗ ਦੀ ਬੇਹਤਰੀ ਲਈ ਕਈ ਯੋਜਨਾਵਾਂ ਚਲਾਈਆਂ ਜਿਨ੍ਹਾਂ ਯੋਜਨਾਵਾਂ ‘ਤੇ ਮਸ਼ਹੂਰੀ ਲਈ ਪੰਜਾਬ ਸਰਕਾਰ ਆਪਣੇ ਸਟੀਕਰ ਲਗਾ ਰਹੀ ਹੈ ਪਰ ਲੋਕ ਆਪ ਵਾਲਿਆਂ ਦੇ ਝਾਂਸੇ ਵਿੱਚ ਆਉਣ ਵਾਲੇ ਨਹੀਂ । ਇਸ ਮੌਕੇ ‘ਤੇ ਗੁਰਬਖਸ਼ ਸਿੰਘ ਗੋਪੀ ਫਤਿਹਪੁਰ , ਸਰਬਜੀਤ ਸਿੰਘ ਵਡਾਲੀ, ਲਖਬੀਰ ਸਿੰਘ ਪੰਚ , ਜਗਤਾਰ ਸਿੰਘ, ਗੁਰਮੀਤ ਸਿੰਘ , ਕਰਤਾਰ ਸਿੰਘ ਤੋਂ ਇਲਾਵਾ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ।