
ਜੰਡਿਆਲਾ ਗੁਰੂ , 11 ਫਰਵਰੀ (ਕੰਵਲਜੀਤ ਸਿੰਘ) : ਹਰਿਆਣਾ , ਮਹਾਰਾਸ਼ਟਰ ਤੇ ਹੁਣ ਦਿੱਲੀ ਵਿੱਚ ਕਾਂਗਰਸ ਲਗਾਤਾਰ ਭਾਜਪਾ ਹੱਥੋਂ ਹਾਰ ਰਹੀ ਹੈ ਅਤੇ 2027 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਵੀ ਕਾਂਗਰਸ ਨੂੰ ਹਰਾਉਣ ਲਈ ਤਿਆਰ ਹਨ । ਦਿੱਲੀ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਕਾਂਗਰਸ ਦੇ ਆਗੂਆਂ ਵੱਲੋਂ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਬੇਬੁਨਿਆਦ ਹਨ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਅਤੇ ਪੰਜਾਬ ਭਾਜਪਾ ਐਸ.ਸੀ. ਮੋਰਚਾ ਦੇ ਜਨਰਲ ਸਕੱਤਰ ਹਰਦੀਪ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਆਖਿਆ ਕਿ ਦਿੱਲੀ ਵਿੱਚ ਕਾਂਗਰਸ ਦੀ ਲਗਾਤਾਰ ਤੀਜੀ ਵਾਰੀ ਹਾਰ ਹੋਈ ਹੈ ਅਤੇ ਇਨ੍ਹਾਂ ਚੋਣਾਂ ਵਿੱਚ ਵੀ ਕਾਂਗਰਸ ਦਾ ਖਾਤਾ ਨਹੀਂ ਖੁੱਲਿਆ ।
ਲੋਕ ਸਭਾ ਚੋਣਾਂ ਵਿੱਚ ਵੀ ਕਾਂਗਰਸ ਦੀ ਬੀਜੇਪੀ ਹੱਥੋਂ ਪੂਰੇ ਦੇਸ਼ ਵਿੱਚ ਹਾਰ ਹੋਈ ਹੈ ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਜਸ਼ਨ ਮਨਾ ਰਹੇ ਕਾਂਗਰਸੀ ਆਗੂਆਂ ਦਾ ਪੰਜਾਬ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦਾ ਦਾਅਵਾ ਖੋਖਲਾ, ਸੱਚਾਈ ਤੋਂ ਕੋਹਾਂ ਦੂਰ ਤੇ ਹਾਸੋਹੀਣਾ ਹੈ। ਹਰਦੀਪ ਗਿੱਲ ਨੇ ਕਿਹਾ ਕਿ ਦੇਸ਼ ਦੇ ਲੋਕ ਸਮਝ ਚੁੱਕੇ ਹਨ ਕਿ ਸੂਬਿਆਂ ਦਾ ਵਿਕਾਸ ਡਬਲ ਇੰਜਣ ਸਰਕਾਰ ਵਿੱਚ ਹੀ ਸੰਭਵ ਹੈ ,ਜਿਸ ਗਰੀਬ ਤੇ ਦਲਿਤ ਭਾਈਚਾਰੇ ਨੂੰ ਕਾਂਗਰਸ ਆਪਣਾ ਵੋਟ ਬੈਂਕ ਸਮਝਦੀ ਸੀ ਉਹ ਵਰਗ ਪੰਜਾਬ ਵਿੱਚ ਕਾਂਗਰਸ ਤੋਂ ਦੂਰ ਜਾ ਚੁੱਕਾ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਦੇ ਰਾਜ ਕਰਨ ਦੀ ਬੁਨਿਆਦ ਗਰੀਬ ਵਰਗ ਰਿਹਾ ਪਰ ਗਰੀਬ ਦੀ ਆਰਥਿਕ ਤੇ ਸਮਾਜਿਕ ਦਸ਼ਾ ਜਿਉਂ ਦੀ ਤਿਉਂ ਹੀ ਰਹੀ। ਪੰਜਾਬ ਵਿੱਚ ਭਾਜਪਾ ਦਾ ਵੋਟ ਸ਼ੇਅਰ ਲੋਕ ਸਭਾ ਚੋਣਾਂ ਦੌਰਾਨ 6 ਫੀਸਦੀ ਤੋਂ 19 ਫੀਸਦੀ ਤੱਕ ਪਹੁੰਚਿਆ ਜਦ ਕਿ ਕਾਂਗਰਸ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦਾ ਵੋਟ ਸ਼ੇਅਰ ਘਟਿਆ ।
ਗਰੀਬ ਵਰਗ ਦੀ ਚਿੰਤਾ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਨਾਂ ਮੰਗਿਆਂ ਹਰ ਗਰੀਬ ਨੂੰ ਮੁਫਤ ਸਿਲੰਡਰ , ਪੱਕੀ ਛੱਤ , ਪਖਾਨੇ , ਮੁਫਤ ਕਣਕ, ਬੀਮਾ ਯੋਜਨਾ ਵਰਗੀਆਂ ਸਹੂਲਤਾਂ ਦਿੱਤੀਆਂ । ਕਾਂਗਰਸ ਨੇ ਪਿਛਲੀਆਂ ਚੋਣਾਂ ਦੌਰਾਨ ਹਰ ਘਰ ਨੌਕਰੀ ਪੱਕੀ ਦੇਣ ਦਾ ਵਾਅਦਾ ਕੀਤਾ ਸੀ ਪਰ ਵਾਅਦਾ ਪੂਰਾ ਨਹੀਂ ਕੀਤਾ । ਕਾਂਗਰਸ ਪ੍ਰਧਾਨ ਦੇ ਭਾਜਪਾ ਨੂੰ ਲੈ ਕੇ ਦਿੱਤੇ ਬਿਆਨ ‘ਤੇ ਟਿੱਪਣੀ ਹਰਦੀਪ ਗਿੱਲ ਨੇ ਕਿਹਾ ਕਿ ਸਿੱਖਾਂ ਨੂੰ ਸਭ ਤੋਂ ਵੱਧ ਜ਼ਲੀਲ ਕਾਂਗਰਸ ਨੇ ਦਿੱਲੀ ਦੰਗਿਆਂ ਦੌਰਾਨ ਕੀਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲੋਂ ਢਾਹੁਣ ਦਾ ਘਿਨੌਣਾ ਅਪਰਾਧ ਕਰਕੇ ਹਰ ਸਿੱਖ ਦੇ ਹਿਰਦੇ ਵਲੂੰਧਰੇ ਜਦ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ, ਵੀਰ ਬਾਲ ਦਿਵਸ ਮਨਾ ਕੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਯਤਨ ਕੀਤੇ ।