ਬਠਿੰਡਾ (ਸੁਰੇਸ਼ ਰਹੇਜਾ) 5 ਅਪ੍ਰੈਲ : ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਉਹਨਾਂ ਨੂੰ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਕੌਣ ਰੋਕ ਰਿਹਾ ਹੈ ਅਤੇ ਉਹਨਾਂ ਨੇ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨਾਲ ਰਲ ਕੇ ਖੇਡਣ ਤੇ ਕਿਸਾਨਾਂ ਦੇ ਹਿੱਤਾਂ ਦੀ ਅਣਦੇਖੀ ਕਰਨ ਦੀ ਵੀ ਨਿਖੇਧੀ ਕੀਤੀ।
ਬਠਿੰਡਾ ਐਮ ਪੀ, ਜਿਹਨਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹਿੱਤ ਸੌੜੇ ਸਿਆਸੀ ਹਿੱਤਾਂ ਕਾਰਨ ਵੇਚਣ ਲਈ ਉਹਨਾਂ ਵਿਰੁੱਧ ਰੋਸ ਧਰਨੇ ਨੁੂੰ ਸੰਬੋਧਨ ਕੀਤਾ, ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਉਹ ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾਉਣਾ ਤੁਰੰਤ ਬੰਦ ਕਰਨ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਵਜੋਂ ਉਹ ਹਮੇਸ਼ਾ ਕਿਸਾਨ ਵਿਰੋਧੀ ਫੈਸਲੇ ਲੈਂਦੇ ਹਨ।
ਇਕ ਪ੍ਰਭਾਵਸ਼ਾਲੀ ਤਕਰੀਰ ਵਿਚ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਦੇ ਵਿਰੋਧੀ ਇਹ ਕਹਿ ਰਹੇ ਹਨ ਕਿ ਮੈਂ ਦੇਰ ਨਾਲ ਅਸਤੀਫਾ ਦਿੱਤਾ। ਉਹਨਾਂ ਕਿਹਾ ਕਿ ਜੇਕਰ ਇਹ ਗੱਲ ਮੰਨ ਵੀ ਲਈ ਜਾਵੇ ਤਾਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਦੀ ਹਾਂ ਕਿ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਉਹਨਾਂ ਨੁੰ ਕੌਣ ਰੋਕ ਰਿਹਾ ਹੈ ? ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਕਾਂਗਰਸ ਪਾਰਟੀ ਨੇ ਸੰਸਦ ਵਿਚ ਪਾਸ ਕੀਤੇ ਤਿੰਨ ਖੇਤੀਬਾੜੀ ਕਾਨੂੰਨ ਤਿਆਰ ਕਰਨ ਵਿਚ ਸੰਸਦ ਵਿਚ ਇਸਦੇ ਖਿਲਾਫ ਵੋਟਾਂ ਪਾਉਣ ਦੀ ਥਾਂ ਵਾਕ ਆਊਟ ਕਰ ਕੇ ਕੇਂਦਰ ਦੀ ਮਦਦ ਕੀਤੀ। ਉਹਨਾਂ ਕਿਹਾ ਕਿ ਮੈਨੂੰ ਖੇਤੀਬਾੜੀ ਕਾਨੂੰਨਾ ਬਾਰੇ ਪਤਾ ਪਿਛਲੇ ਸਾਲ ਜੂਨ ਵਿਚ ਲੱਗਾ ਜਦਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਦੀ ਜਾਣਕਾਰੀ 2019 ਤੋਂ ਸੀ ਤੇ ਉਹ ਖੇਤੀਬਾੜੀ ਆਰਡੀਨੈਸਂ ਜੋ ਬਾਅਦ ਵਿਚ ਐਕਟ ਬਣ ਗਏ, ਤਿਆਰ ਕਰਨ ਵਾਲੀ ਕਮੇਟੀ ਦਾ ਹਿੱਸਾ ਵੀ ਸਨ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਪੁੱਛਿਆ ਕਿ ਉਹਨਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਜਦੋਂ ਉਹਨਾਂ ਦੀ ਖੇਤੀਬਾੜੀ ਕਾਨੂੰਨਾਂ ਵਿਚ ਸ਼ਮੂਲੀਅਤ ਬਾਰੇ ਸੱਚ ਦੱਸ ਕੇ ਉਹਨਾਂ ਦਾ ਝੂਠ ਬੇਨਕਾਬ ਕੀਤਾ ਸੀ ਤਾਂ ਫਿਰ ਹੁਣ ਤੱਕ ਉਹਨਾਂ ਨੇ ਕੇਂਦਰੀ ਮੰਤਰੀ ਖਿਲਾਫ ਮਾਣਹਾਨੀ ਦਾ ਦਾਅਵਾ ਕਿਉਂ ਨਹੀਂ ਕੀਤਾ।
ਉਹਨਾਂ ਕਿਹਾ ਕਿ ਇਸੇ ਤਰੀਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੀ ਜਿਣਸਾਂ ਦੀ ਸਿੱਧੀ ਅਦਾਇਗੀ ਦੀ ਯੋਜਨਾ ਡੀ ਬੀ ਟੀ ਸਕੀਮ ਬਾਰੇ 2018 ਵਿਚ ਪਤਾ ਲੱਗ ਗਿਆ ਤੇ ਆੜ੍ਹਤੀਆਂ ਨੁੰ ਦਰ ਕਿਨਾਰ ਕਰ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੀ ਇਹ ਸਕੀਮ ਉਹਨਾਂ ਨੇ ਇਸ ਸਾਲ ਤੋਂ ਇਹ ਲਾਗੂ ਕਰਨ ਲਈ ਸਹਿਮਤੀ ਵੀ ਦੇ ਦਿੱਤੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਧੋਖਾ ਉਸ ਵੇਲੇ ਵੀ ਬੇਨਕਾਰਬ ਹੋ ਗਿਆ ਸੀ ਜਦੋਂ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ’ਤੇ ਮੁੱਖ ਮੰਤਰੀ ਨੁੰ ਲਿਖੀ ਚਿੱਠੀ ਜਨਤਕ ਹੋ ਗਈ ਜਿਸ ਵਿਚ ਉਹਨਾਂ ਲਿਖਿਆ ਸੀ ਕਿ ਮੁੱਖ ਮੰਤਰੀ ਨੈ ਕਦੇ ਵੀ ਡੀ ਬੀ ਟੀ ਸਕੀਮ ਖਿਲਾਫ ਰੋਸ ਪ੍ਰਗਟ ਨਹੀਂ ਕੀਤਾ ਬਲਕਿ ਸਕੀਮ ਲਾਗੂ ਕਰਨ ਲਈ ਮੋਹਲਤ ਮੰਗੀ ਸੀ। ਉਹਨਾਂ ਕਿਹਾ ਕਿ ਮੇਰੇ ਵੱਲੋਂ ਇਹ ਮਾਮਲਾ ਸੰਸਦ ਵਿਚ ਉਠਾਏ ਜਾਣ ਤੋਂ 10 ਦਿਨ ਬਾਅਦ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਵਿਰੋਧ ਦਾ ਪੱਤਰ ਲਿਖਿਆ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਸੇ ਤਰੀਕੇ ਅਰਵਿੰਦ ਕੇਜਰੀਵਾਲ ਪਹਿਲੇ ਮੁੱਖ ਮੰਤਰੀ ਹਨ ਜਿਹਨਾਂ ਨੇ ਤਿੰਨ ਨਫਰਤ ਭਰੇ ਖੇਤੀ ਕਾਨੂੰਨਾਂ ਨੂੰ ਦੇਸ਼ ਵਿਚ ਸਭ ਤੋਂ ਪਹਿਲਾਂ ਲਾਗੂ ਕੀਤਾ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਸਟੇਡੀਅਮਾਂ ਵਿਚ ਕਿਸਾਨਾਂ ਨੁੰ ਬੰਦ ਕਰਨ ਦੀ ਪ੍ਰਵਾਨਗੀ ਨਾ ਦੇਣ ਦਾ ਡਰਾਮਾ ਤਾਂ ਕੀਤਾ ਪਰ ਨਾਲ ਹੀ ਦਿੱਲੀ ਦੇ ਬੈਰੀਕੇਡਾਂ ਨਾਲ ਕਿਲ੍ਹਾਬੰਦੀ ਤੇ ਸੜਕਾਂ ’ਤੇ ਕਿੱਲਾਂ ਲਾਉਣ ਦੀ ਆਗਿਆ ਦੇ ਦਿੱਤੀ ਤਾਂ ਜੋ ਕਿਸਾਨਾਂ ਨੂੰ ਦਿੱਲੀ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਇਸੇ ਕੇਜਰੀਵਾਲ ਨੇ ਪਹਿਲਾਂ ਐਸ ਵਾਈ ਐਸ ਦੇ ਮਾਮਲੇ ’ਤੇ ਦੋਗਲੀ ਨੀਤੀ ਅਪਣਾਈ ਸੀ ਜਦੋਂ ਪੰਜਾਬ ਵਿਚ ਪੰਜਾਬ ਹਿਤੈਸ਼ੀ ਤੇ ਸਟੈਂਡ ਲਿਆ ਤੇ ਫਿਰ ਕੌਮੀ ਰਾਜਧਾਨੀ ਪੁੱਜ ਕੇ ਦਿੱਲੀ ਦੇ ਹਿੱਤਾਂ ਦੀ ਰਾਖੀ ਦਾ ਹੋਕਾ ਦੇਣ ਲੱਗ ਪਏ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੇ ਯਤਨ ਜਾਰੀ ਹਨ ਪਰ ਅਕਾਲੀ ਦਲ ਕਦੇ ਵੀ ਅਜਿਹਾ ਨਹੀਂ ਹੋਣ ਦੇਵੇਗਾ। ਉਹਨਾਂ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਸੰਜਮ ਤੋਂ ਕੰਮ ਲੈਣ ਤੇ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਵਾਸਤੇ ਸਾਨੂੰ ਇਕ ਦੂਜੇ ਨਾਲ ਲੜਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਤਿੰਨ ਖੇਤੀ ਕਾਨੂੰਨਾਂ ਖਿਲਾਫ ਆਪਣਾ ਸ਼ਾਂਤੀਪੂਰਨ ਸੰਘਰਸ਼ ਜਾਰੀ ਰੱਖਾਂਗੇ ਤੇ ਸਾਡੀ ਜਿੱਤ ਹੋਣ ਤੱਕ ਟਿਕ ਕੇ ਨਹੀਂ ਬੈਠਾਂਗੇ।