ਬਠਿੰਡਾ,3 ਅਪ੍ਰੈਲ(ਸੁਰੇਸ਼ ਰਹੇਜਾ) : ਸੂਬਾ ਸਰਕਾਰ ਵਲੋਂ ਮਹਿਲਾਵਾਂ ਲਈ ਬੱਸਾਂ ’ਚ ਮੁਫ਼ਤ ਸਫ਼ਰ ਦੀ ਸਹੂਲਤ ਬਹੁਤ ਲਾਹੇਵੰਦ ਸਾਬਤ ਹੋ ਰਿਹਾ ਹੈ ਅਤੇ ਰੋਜ਼ਾਨਾ ਦਫ਼ਤਰੀ ਅਤੇ ਹੋਰ ਕੰਮਕਾਜ ਲਈ ਆਉਣ ਵਾਲੀਆਂ ਮਹਿਲਾਵਾਂ ਇਸ ਦਾ ਲਾਭ ਉਠਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸਫ਼ਰ ਦੌਰਾਨ ਜੇਕਰ ਕਿਸੇ ਵੀ ਮਹਿਲਾ ਨੂੰ ਕੋਈ ਸਮੱਸਿਆ ਦਰਪੇਸ਼ ਆਉਂਦੀ ਹੈ ਤਾਂ ਉਹ ਟੋਲ ਫ਼ਰੀ ਨੰਬਰ 181 ’ਤੇ ਸੰਪਰਕ ਕਰ ਸਕਦੇ ਹਨ।
ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਕਦਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਮੁਫ਼ਤ ਸਫ਼ਰ ਦੀ ਸਹੂਲਤ ਪੀ.ਆਰ.ਟੀ.ਸੀ., ਪਨਬੱਸ ਅਤੇ ਪੰਜਾਬ ਰੋਡਵੇਜ਼ ਬੱਸਾਂ ’ਚ ਹੋਵੇਗੀ। ਸਫ਼ਰ ਕਰਨ ਦੌਰਾਨ ਔਰਤਾਂ ਲਈ ਆਪਣਾ ਕੋਈ ਵੀ ਸ਼ਨਾਖ਼ਤੀ ਕਾਰਡ ਜਾਂ ਆਧਾਰ ਕਾਰਡ ਦਿਖਾਉਣਾ ਲਾਜ਼ਮੀ ਹੋਵੇਗਾ ਤਾਂ ਜੋ ਉਨਾਂ ਨੂੰ ਸਬੰਧਤ ਬੱਸ ਕੰਡਕਟਰ ਵਲੋਂ ਜ਼ੀਰੋ ਬੈਲੇਂਸ ਦੀ ਟਿਕਟ ਉਪਲੱਬਧ ਕਰਵਾਈ ਜਾ ਸਕੇ।
ਸੂਬਾ ਸਰਕਾਰ ਦੀ ਇਸ ਨਿਵੇਕਲੀ ਪਹਿਲ ਕਦਮੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਜਨਰਲ ਮੈਨੇਜ਼ਰ ਪੀ.ਆਰ.ਟੀ.ਸੀ. ਬਠਿੰਡਾ ਡਿਪੂ ਸ਼੍ਰੀ ਰਮਨ ਸ਼ਰਮਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਮਹਿਲਾਵਾਂ ਲਈ ਸ਼ੁਰੂ ਕੀਤੀ ਮੁਫ਼ਤ ਬੱਸ ਸਫ਼ਰ ਦੇ ਪਹਿਲੇ ਦਿਨ 4937 ਮਹਿਲਾਵਾਂ ਵਲੋਂ ਮੁਫ਼ਤ ਬੱਸ ਸਫ਼ਰ ਦਾ ਲਾਭ ਲਿਆ ਗਿਆ।
ਜਨਰਲ ਮੈਨੇਜ਼ਰ ਸ਼੍ਰੀ ਸ਼ਰਮਾ ਹੋਰ ਦੱਸਿਆ ਕਿ ਬਠਿੰਡਾ ਡਿਪੂ ਵਿਚ ਇਸ ਸਮੇਂ ਕੁੱਲ 194 ਬੱਸਾਂ ਹਨ, ਇਨਾਂ ਵਿਚੋਂ 156 ਬੱਸਾਂ ਸਾਧਾਰਨ ਬੱਸਾਂ ਹਨ ਜੋ ਬਠਿੰਡੇ ਤੋਂ ਰੋਜ਼ਾਨਾ ਵੱਖ-ਵੱਖ ਰੂਟਾਂ ’ਤੇ ਚਲਦੀਆਂ ਹਨ। ਇਸ ਤੋਂ ਇਲਾਵਾ 20 ਸਿਟੀ ਬੱਸਾਂ, 12 ਮਿੰਨੀ ਪੇਂਡੂ ਬੱਸਾਂ ਵੱਖ-ਵੱਖ ਰੂਟਾਂ ’ਤੇ ਚਲਦੀਆਂ ਹਨ। ਇਸ ਤੋਂ ਇਲਾਵਾ 8 ਬੱਸਾਂ ਏ.ਸੀ. ਵੀ ਮੌਜੂਦ ਹਨ।