ਜੰਡਿਆਲਾ ਗੁਰੂ, 2 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਪੰਡੋਰੀ ਮਹਿਮਾ ਵਿਖੇ ਅੱਜ ਜੈਕਾਰਿਆਂ ਦੀ ਗੂੰਜ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ਼ਹੀਦ ਬਾਬਾ ਕਰਮ ਸਿੰਘ,ਸ਼ਹੀਦ ਬਾਬਾ ਕਾਹਨ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਸ਼ਹੀਦ ਬਾਬਾ ਕਰਮ ਸਿੰਘ ਅਤੇ ਸ਼ਹੀਦ ਬਾਬਾ ਕਾਹਨ ਸਿੰਘ ਦੇ ਪਵਿੱਤਰ ਅਸਥਾਨ ਵਿਖੇ ਆਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਹੋਈ। ਪਵਿੱਤਰ ਸਥਾਨ ਦੇ ਸੇਵਾਦਾਰ ਭਾਈ ਹੀਰਾ ਸਿੰਘ ਜੀ ਨੇ ਦੱਸਿਆ ਉੱਕਤ ਸਮਾਗਮ ਤਿੰਨ ਦਿਨ ਚੱਲੇਗਾ ਜਿਸ ਤਹਿਤ ਅੱਜ ਆਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ।
3 ਅਪ੍ਰੈਲ ਨੂੰ ਸ਼ਾਮ ਦੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਗੁਰੂ ਸਾਹਿਬ ਅਤੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਜਲੰਧਰ ਤੋਂ ਭਾਈ ਰਛਪਾਲ ਸਿੰਘ ਪਾਲ,ਯਮੁਨਾ ਨਗਰ ਤੋਂ ਭਾਈ ਗੁਰਦਿਆਲ ਸਿੰਘ ਨਿਮਰ, ਯਮੁਨਾ ਨਗਰ ਭਾਈ ਰਣਜੀਤ ਸਿੰਘ ਖਾਲਸਾ, ਰਈਆ ਤੋਂ ਮੱਖਣ ਸਿੰਘ ਧਾਰੀਵਾਲ,ਬੁਲੰਦਪੁਰ ਸਾਹਿਬ ਤੋਂ ਬੀਬੀ ਸਰਬਜੀਤ ਕੌਰ ਸੰਧਾਵਾਲੀਆ,ਜਲਾਲਾਬਾਦ ਤੋਂ ਭਾਈ ਗੁਰਚਰਨ ਸਿੰਘ ਚੰਨ ਸ਼ਮੂਲੀਅਤ ਕਰਨਗੇ। ਉਪਰੰਤ ਸ਼੍ਰੀ ਮੰਜੀ ਸਾਹਿਬ(ਦਰਬਾਰ ਸਾਹਿਬ,ਅੰਮ੍ਰਿਤਸਰ) ਦੇ ਕਥਾਵਾਚਕ ਭਾਈ ਜਸਵਿੰਦਰ ਸਿੰਘ ਦਰਦੀ ਜੀ ਕਥਾ ਵਿਚਾਰ ਕਰਨਗੇ। ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੁਹਾੜਕਾ ਜੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
ਇਸ ਤਰ੍ਹਾਂ 4 ਅਪ੍ਰੈਲ ਦੇ ਦਿਨ ਦੇ ਦੀਵਾਨ ਵਿੱਚ ਢਾਡੀ ਦਰਬਾਰ,ਕੀਰਤਨ ਦਰਬਾਰ,ਕਥਾ ਦਰਬਾਰ ਜਿਸ ਵਿੱਚ ਭਾਈ ਗੁਰਜੀਤ ਸਿੰਘ(ਪੰਡੋਰੀ),ਬੀਬੀ ਸਵਿੰਦਰ ਕੌਰ (ਵੇਰਕਾ),ਬੀਬੀ ਅਰਵਿੰਦਰ ਕੌਰ(ਅੰਮ੍ਰਿਤਸਰ),ਭਾਈ ਸੁਖਵਿੰਦਰ ਸਿੰਘ,ਹਰਪ੍ਰੀਤ ਸਿੰਘ,ਕਵੀਸ਼ਰ ਭਾਈ ਮਲਕੀਤ ਸਿੰਘ (ਵਰਪਾਲ), ਭਾਈ ਸੰਦੀਪ ਸਿੰਘ ਮਹਿਮਾ,ਭਾਈ ਸਕੱਤਰ ਸਿੰਘ(ਪੰਡੋਰੀ) ਗੁਰੂ ਜੱਸ ਗਾਉਣਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸਮਾਗਮਾਂ ਦੇ ਭੋਗ ਪਾਏ ਜਾਣਗੇ। ਭਾਈ ਗੁਰਜੀਤ ਸਿੰਘ (ਪੰਡੋਰੀ) ਅਤੇ ਭਾਈ ਗੁਰਦੇਵ ਸਿੰਘ ਕੁਹਾੜਕਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਕਤ ਸਮਾਗਮਾਂ ਵਿੱਚ ਸ਼ਾਮਿਲ ਹੋਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਖਰੋ। ਉਕਤ ਸਾਰੇ ਸਮਾਗਮ ਕੋਰੋਨਾ ਦੇ ਮੱਦੇਨਜ਼ਰ ਸਰਕਾਰੀ ਹਦਾਇਤਾਂ ਨੂੰ ਧਿਆਨ ਹਿੱਤ ਰੱਖਕੇ ਕੀਤੇ ਜਾਣਗੇ।
ਭਾਈ ਹੀਰਾ ਸਿੰਘ ਨੇ ਸਮੂਹ ਸੰਗਤਾਂ ਨੂੰ ਮਾਸਕ ਪਾਉਣ ਦੀ ਬੇਨਤੀ ਕਰਦਿਆਂ ਸੈਨੇਟਾਇਜ਼ਰ ਅਤੇ ਸਮਾਜਿਕ ਦੂਰੀ ਸੰਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਬੇਨਤੀ ਵੀ ਕੀਤੀ ਅਤੇ ਸਮਾਗਮਾਂ ਵਿੱਚ ਸ਼ਾਮਿਲ ਹੋਕੇ ਗੁਰੂ ਉਸਤਤ ਨਾਲ ਜੁੜਨ ਲਈ ਆਖਿਆ। ਇਸ ਮੌਕੇ ਪੰਥਕ ਕਵੀ ਭਾਈ ਗੁਰਦਿਆਲ ਸਿੰਘ ਨਿਮਰ(ਯਮੁਨਾ ਨਗਰ) ਜੀ ਵੱਲੋਂ ਰਚਿਤ ਮਹਾਂ-ਕਾਵਿ “ਤੇਗ ਬਹਾਦਰ ਸਿਮਰੀਐ” ਦਾ ਟਾਈਟਲ ਵੀ ਰੀਲੀਜ਼ ਕੀਤਾ ਜਾਵੇਗਾ। ਸਮਾਗਮ ਦਾ ਮੰਚ ਸੰਚਾਲਨ ਪੰਥਕ ਕਵੀ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ(ਜੰਡਿਆਲਾ ਗੁਰੂ) ਕਰਨਗੇ।