ਬਾਬਾ ਬਕਾਲਾ ਸਾਹਿਬ, 20 ਅਗਸਤ (ਸੁਖਵਿੰਦਰ ਬਾਵਾ) : ਰੱਖੜ ਪੁੰਨਿਆ ਮੇਲੇ ਵਿਚ ਅੱਜ ਕਰੀਬ ਚਾਰ ਵਜੇ ਡੀ ਐੱਸ ਪੀ ਬਾਬਾ ਬਕਾਲਾ ਸਾਹਿਬ ਦੇ ਦਫ਼ਤਰ ਨੇੜੇ ਨਿਹੰਗ ਸਿੰਘਾ ਤਰਨਾ ਦਲ ਦੇ ਕਾਫ਼ਲੇ ਵਿਚ ਗੋਲੀਆਂ ਚੱਲਣ ਕਾਰਨ ਇਕ ਘੋੜ ਸਵਾਰ ਨਿਹੰਗ ਸਿੰਘ ਦੇ ਦੋ ਗੋਲੀਆਂ ਲੱਗੀਆਂ ਜਿਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਲਿਆਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਅਤੇ ਵੱਖਰੀ ਲੜਾਈ ਵਿਚ ਇਕ ਨਿਹੰਗ ਸਿੰਘ ਦੇ ਜ਼ਖ਼ਮੀ ਹੋਇਆ।ਐੱਸ ਪੀ ਅੰਮ੍ਰਿਤਸਰ ਦਿਹਾਤੀ ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦੇਂਦੀਆਂ ਦੱਸਿਆ ਕਿ ਮੇਲਾ ਰੱਖੜ ਪੁੰਨਿਆ ਬਾਬਾ ਬਕਾਲਾ ਤੇ ਨਿਹੰਗ ਸਿੰਘ ਵਲੋ ਮਹੱਲਾ ਕੱਢਿਆ ਜਾਂਦਾ ਹੈ
ਜਿਸ ਵਿਚ ਵੱਡੀ ਗਿਣਤੀ ਵਿਚ ਕਾਫ਼ਲੇ ਇੱਥੇ ਪੁੱਜਦੇ ਹਨ ਅੱਜ ਕਰੀਬ ਚਾਰ ਵਜੇ ਸਿਵਲ ਹਸਪਤਾਲ ਕੋਲ ਦੀ ਘੋੜ ਸਵਾਰ ਨਿਹੰਗ ਸਿੰਘਾ ਦਾ ਕਾਫ਼ਲਾ ਜਾ ਰਿਹਾ ਸੀ ਜਿਸ ਵਕਤ ਉਹ ਡੀ ਐੱਸ ਪੀ ਦਫ਼ਤਰ ਬਾਬਾ ਬਕਾਲਾ ਦੇ ਨਜ਼ਦੀਕ ਪੁੱਜਾ ਤਾਂ ਦੋ ਗੋਲੀਆਂ ਚੱਲਣ ਦੀ ਅਵਾਜ਼ ਸੁਣੀ ਜੋ ਕਿ ਇਕ ਘੋੜ ਸਵਾਰ ਨਿਹੰਗ ਸਿੰਘ ਦੇ ਲੱਗੀਆਂ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਬਾਬਾ ਬਕਾਲਾ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਇਹ ਨਹੀਂ ਪਤਾ ਲੱਗ ਸਕਿਆ ਗੋਲੀ ਕਿਸ ਤਰ੍ਹਾਂ ਚੱਲੀ ਹੈ ਉੱਥੇ ਬਜ਼ਾਰ ਵਿਚ ਲੱਗੇ ਸੀ ਸੀ ਟੀ ਵੀ ਕੈਮਰੇ ਚੈੱਕ ਕਰਕੇ ਕਾਰਵਾਈ ਕੀਤੀ ਜਾਵੇਗੀ ਮ੍ਰਿਤਕ ਨਿਹੰਗ ਸਿੰਘ ਦੀ ਸ਼ਨਾਖ਼ਤ ਧੀਰਾ ਸਿੰਘ ਉਰਫ਼ ਕਿੱਲੀ ਪੁੱਤਰ ਚਾਨਣ ਸਿੰਘ ਡਡਿਆਲ ਤਰਨਤਾਰਨ ਵਜੋਂ ਹੋਈ ਹੈ।
ਬਾਬਾ ਬਕਾਲਾ ਸਾਹਿਬ ਵਿਚ ਦੂਸਰੀ ਘਟਨਾ ਬਾਬਾ ਬਕਾਲਾ ਤੋ ਵਡਾਲਾ ਕਲਾਂ ਨੂੰ ਜਾਂਦੀ ਸੜਕ ਤੇ ਨਿਹੰਗ ਸਿੰਘਾ ਦੀ ਆਪਸੀ ਲੜਾਈ ਵਿਚ ਚੱਲੀਆਂ ਤਲਵਾਰਾਂ ਨਾਲ ਇਕ ਜ਼ਖ਼ਮੀ ਨਿਹੰਗ ਸਿੰਘ ਦੇ ਹੱਥ ਦੀਆ ਉਗਲਾਂ ਕੱਟੀਆਂ ਗਈਆਂ ਜਿਸ ਦੀ ਸ਼ਨਾਖ਼ਤ ਸੁਖਵਿੰਦਰ ਸਿੰਘ ਵਾਸੀ ਚੀਮਾ ਖੁੱਡੀ ਵਜੋਂ ਹੋਈ ਹੈ।ਪੁਲੀਸ ਵਲੋ ਕਤਲ ਦਾ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਤਰਨਾ ਦਲ ਬਾਬਾ ਬਕਾਲਾ ਅਤੇ ਰੰਘਰੇਟਾ ਦਲ ਦੇ ਨਿਹੰਗ ਸਿੰਘਾਂ ਵਿਚ ਆਪਸੀ ਤਕਰਾਰ ਕਾਰਨ ਅਜਿਹਾ ਵਾਪਰਿਆ ਹੈ।ਇਸ ਘਟਨਾ ਦੀ ਸੂਚਨਾ ਮਿਲਣ ਤੇ ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ (ਆਈ ਪੀ ਐੱਸ) ਬਾਬਾ ਬਕਾਲਾ ਸਾਹਿਬ ਪੁੱਜ ਗਏ ਹਨ।