ਫਿਰੋਜ਼ਪੁਰ, 23 ਮਾਰਚ(ਨਿਊਜ 24 ਪੰਜਾਬ) : ਯੂਥ ਅਕਾਲੀ ਦਲ ਨੇ ਅੱਜ ਹੁਸੈਨੀਵਾਲਾ ਵਿਖੇ ਵਿਸ਼ਾਲ ਮੋਟਰ ਸਾਈਕਲ ਰੈਲੀ ਕੱਢ ਕੇ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਪ੍ਰਣ ਲਿਆ ਕਿ ਜਿਹੜੇ ਸ਼ਹੀਦ ਦੇ ਨਾਂ ’ਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ, ਉਹਨਾਂ ਨੂੰ ਬੇਨਕਾਬ ਕਰਨ ਦਾ ਪ੍ਰਣ ਲਿਆ।
ਯੂਥ ਅਕਾਲੀ ਦਲ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਹੇਠ ਇਸ ਮੋਟਰ ਸਾਈਕਲ ਰੈਲੀ ਵਿਚ ਹਜ਼ਾਰਾਂ ਮੋਟਰ ਸਾਈਕਲ ਲੈ ਕੇ ਨੌਜਵਾਨ ਸ਼ਾਮਲ ਹੋਏ ਜੋ ਸ਼ਹੀਦ ਸਮਾਰਕ ਤੱਕ ਗਏ।
ਰੈਲੀ ਦੌਰਾਨ ਹਜ਼ਾਰਾਂ ਲੋਕ ਸੜਕਾਂ ’ਤੇ ਨਿੱਤਰ ਆਏ ਤੇ ਉਹਨਾਂ ਨੇ ਰੈਲੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਇਕਜੁੱਟਤਾ ਪ੍ਰਗਟ ਕੀਤੀ।
ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਪੰਜਾਬ ਦੇ ਆਪ ਦੇ ਕਨਵੀਨਰ ਭਗਵੰਤ ਮਾਨ ਵੱਲੋਂ ਮਹਾਨ ਸ਼ਹੀਦ ਵਾਂਗ ਬਸੰਤੀ ਰੰਗ ਦੀ ਦਸਤਾਰ ਬੰਨ ਕੇ ਉਹਨਾਂ ਦੇ ਸਿਧਾਂਤਾਂ ਦੇ ਮੂਲ ਰੂਪ ਵਿਚ ਉਲਟਾ ਜਾ ਕੇ ਪੰਜਾਬੀਆਂ ਦੇ ਹਿੱਤ ਕਾਰਪੋਰੇਟ ਘਰਾਣਿਆਂ ਨੁੰ ਵੇਚ ਕੇ ਪਿੱਠ ਵਿਚ ਛੁਰਾ ਮਾਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਹਾਲ ਹੀ ਵਿਚ ਖੁਰਾਕ ਤੇ ਖਪਤਕਾਰ ਮਾਮਲਿਆਂ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚ ਜ਼ਰੂਰੀ ਵਸਤਾਂ ਸੋਧ ਐਕਟ ਲਈ ਸਹਿਮਤੀ ਦੇ ਕੇ ਕਿਸਾਨਾਂ ਦੇ ਹਿੱਤ ਵੇਚੇ ਹਨ। ਉਹਨਾਂ ਕਿਹਾ ਕਿ ਜਦੋਂ ਇਹੀ ਬਿੱਲ ਲੋਕ ਸਭਾ ਵਿਚ ਵੋਟਿੰਗ ਲਈ ਲਿਆਂਦਾ ਗਿਆ ਤਾਂ ਭਗਵੰਤ ਮਾਨ ਵਾਕ ਆਊਟ ਕਰ ਗਿਆ ਤੇ ਝੂਠਾ ਦਾਅਵਾ ਕੀਤਾ ਕਿ ਵੋਟਿੰਗ ਹੀ ਨਹੀਂ ਹੋਈ।
ਉਹਨਾਂ ਕਿਹਾ ਕਿ ਇਸ ਸਭ ਤੋਂ ਸਪਸ਼ਟ ਹੈ ਕਿ ਉਸਨੇ ਅਡਾਨੀਆਂ ਤੇ ਅੰਬਾਨੀਆਂ ਨਾਲ ਮਾੜਾ ਸੌਦਾ ਕਰ ਲਿਆ ਜੋ ਕਿ ਭਗਤ ਸਿੰਘ ਦੇ ਸਿਧਾਂਤਾਂ ’ਤੇ ਚੱਲਣ ਵਾਲੇ ਨੌਜਵਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਨੇ ਭਗਵੰਤ ਮਾਨ ਨੂੰ ਤੇ ਅਜਿਹੇ ਬਹਿਰੂਪੀਆ ਲੋਕਾਂ ਨੁੰ ਬੇਨਕਾਬ ਕਰਨ ਦਾ ਪ੍ਰਣ ਲਿਆ।
ਸ੍ਰੀ ਰੋਮਾਣਾ ਨੇ ਕਾਂਗਰਸ ਪਾਰਟੀ ਅਤੇ ਇਸਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵੀ ਨਿਖੇਧੀ ਕੀਤੀ ਜਿਹਨਾਂ ਨੇ ਸ਼ਹੀਦ ਦਾ ਨਾਂ ਆਪਣੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤਾ ਤੇ ਉਸਦਾ ਅਪਮਾਨ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸ਼ਹੀਦ ਭਗਤ ਸਿੰਘ ਰੋਜ਼ਗਾਰ ਸਿਰਜਣ ਯੋਜਨਾ ਤਹਿਤ ਤਿੰਨ ਸਕੀਮਾਂ ਆਪਣੀ ਗੱਡੀ ਆਪਣਾ ਰੋਜ਼ਗਾਰ ਜਿਸ ਤਹਿਤ ਚਾਰ ਪਹੀਆ ਵਾਹਨ ਖਰੀਦਣ ਲਈ ਸੌਖਾ ਕਰਜ਼ਾ, ਹਰਾ ਟਰੈਕਟਰ ਜਿਸ ਤਹਿਤ ਨੌਜਵਾਨਾ ਨੂੰ 25000 ਟਰੈਕਟਰ ਕਿਸ਼ਤਾਂ ’ਤੇ ਦੇਣ ਅਤੇ ਯਾਰੀ ਐਂਟਰਪ੍ਰਾਇਜਿਜ਼ ਤਜਿਸ ਤਹਿਤ ਨੌਜਵਾਨਾਂ ਨੁੰ ਆਪਣੇ ਉਦਮ ਸਥਾਪਿਤ ਕਰਨ ਲਈ ਉਤਸ਼ਾਹਿਤ ਕਰਨਾ ਸੀ, ਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਹਰ ਵਾਅਦੇ ਤੋਂ ਭੱਜ ਗਈ। ਉਹਨਾਂ ਕਿਹਾ ਕਿ ਅਸੀਂ ਹੁਣ ਇਸਨੂੰ ਸਿੱਧਾ ਹੋ ਕੇ ਟਕਰਾਂਗੇ ਅਤੇ ਇਸਨੂੰ ਨੌਜਵਾਨਾਂ ਨਾਲ ਕੀਤੇ ਵਾਅਦੇ ਜਿਹਨਾਂ ਵਿਚ 2500 ਰੁਪਏ ਬੇਰੋਜ਼ਗਾਰੀ ਭੱਤਾ ਤੇ ਘਰ ਘਰ ਨੌਕਰੀ ਵੀ ਸ਼ਾਮਲ ਹਨ, ਪੂਰੇ ਕਰਨ ਵਾਸਤੇ ਮਜਬੂਰ ਕਰ ਦਿਆਂਗੇ।
ਯੂਥ ਅਕਾਲੀ ਦਲ ਦੇ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਥਾਪਰ ਤੇ ਸ਼ਿਵਾਰਾਮ ਰਾਜਗੁਰੂ ਦੀ ਹੁੁਸੈਨੀਵਾਲਾ ਸਥਿਤ ਸਮਾਧੀ ਦੀ ਸਹੁੰ ਵੀਚੁੱਕੀ ਕਿ ਉਹ ਪੰਜਾਬਰ ਅਤੇ ਪੰਜਾਬੀਆਂ ਦੀ ਭਲਾਈ ਵਾਸਤੇ ਕੰਮ ਕਰਨਗੇ ਅਤੇ ਉਹਨਾਂ ਸਭ ਨੂੰ ਬੇਨਕਾਬ ਕਰਨਗੇ ਜੋ ਸ਼ਹੀਦਾਂ ਦੀ ਸੋਚ ਦੇ ਉਲਟ ਚਲ ਰਹੇ ਹਨ ਤੇ ਸ਼ਹੀਦ ਦੀ ਵਿਚਾਰਧਾਰਾ ਨਾਲ ਧੋਖਾ ਕੀਤਾ ਹੈ। ਇਸ ਰੈਲੀ ਨੂੰ ਨੇੜਲੇ ਪਿੰਡਾਂ ਦੇ ਲੋਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਤੇ ਲੋਕ ਵੱਡੀ ਗਿਣਤੀ ਵਿਚ ਸਮਾਧੀ ਸਥਲ ’ਤੇ ਇਕੱਤਰ ਹੋਏ।