ਬਾਬਾ ਬਕਾਲਾ ਸਾਹਿਬ, 15 ਮਈ (ਸੁਖਵਿੰਦਰ ਬਾਵਾ) : ਪ੍ਰਾਈਵੇਟ ਸਕੂਲਾਂ ਦੀ ਸਿਰਮੌਰ ਜਥੇਬੰਦੀ ਰੀਕੋਗਨਾਈਜ਼ਡ ਐਂਡ ਐਫੀਲੀਏਟਿਡ ਸਕੂਲਜ ਐਸੋਸੀਏਸ਼ਨ ( ਰਾਸਾ ਯੂ.ਕੇ.)ਵੱਲੋਂ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਹੋਇਆਂ ਬੋਰਡ ਪ੍ਰੀਖਿਆਵਾਂ ਵਿੱਚ ਮੈਰਿਟਾਂ ਅਤੇ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਜ਼ਿਲ੍ਹਾ ਪੱਧਰ ਦਾ ਇੱਕ ਵਿਸ਼ਾਲ ਸਨਮਾਨ ਸਮਾਰੋਹ ਕੰਵਰ ਫਾਰਮ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਲੱਗ ਭੱਗ 800 ਵਿਦਿਆਰਥੀਆਂ , ਬਹੁਤ ਸਾਰੇ ਅਧਿਆਪਕਾਂ ਅਤੇ ਮਾਪਿਆਂ ਨੇ ਹਿੱਸਾ ਲਿਆ ।
ਇਸ ਪ੍ਰੋਗਰਾਮ ਵਿੱਚ ਸਟੈਂਡਰਡ ਸਕੂਲ , ਧੂਲਕਾ ਦੀ ਸਟੇਟ ਮੈਰਿਟ ਵਿੱਚੋਂ ਦਸਵਾਂ ਰੈਂਕ ਪ੍ਰਾਪਤ ਕਰਨ ਵਾਲੀ ਮੰਨਤ ਕੌਰ ਅਤੇ ਅੱਠਵੀਂ ਤੇ ਦਸਵੀਂ ਵਿੱਚੋਂ 90% ਤੋਂ ਵੱਧ ਅੰਕ ਲੈਣ ਵਾਲੇ ਇੱਕੀ ਵਿਦਿਆਰਥੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਖੂਬਸੂਰਤ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਨਾਮਾਂ ਦੀ ਵੰਡ ਐੱਮ. ਐੱਲ.ਏ. ਡਾ: ਇੰਦਰਬੀਰ ਸਿੰਘ ਨਿੱਜਰ, ਡਾ: ਜਸਬੀਰ ਸਿੰਘ ਸੰਧੂ, ਸ. ਤਲਬੀਰ ਸਿੰਘ ਗਿੱਲ ਅਤੇ ਹੋਰ ਪਤਵੰਤੇ ਨੇਤਾਵਾਂ ਸਮੇਤ ਸ. ਹਰਪਾਲ ਸਿੰਘ ਯੂ ਕੇ ਚੇਅਰਮੈਨ ਅਤੇ ਰਾਸਾ ਯੂ ਕੇ ਦੇ ਹੋਰ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਕੀਤੀ ।
ਡਾ: ਇੰਦਰਬੀਰ ਸਿੰਘ ਨਿੱਜਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸ਼ਾਬਾਸ਼ ਦਿੱਤੀ ਤੇ ਅੱਗੇ ਤੋਂ ਹੋਰ ਵੀ ਉਚੇਰੀਆਂ ਪ੍ਰਾਪਤੀਆਂ ਕਰਨ ਲਈ ਯਤਨਸ਼ੀਲ ਰਹਿਣ ਲਈ ਕਿਹਾ ।ਇਸ ਸਮਾਰੋਹ ਵਿਚ ਵਿਦਿਆਰਥੀਆਂ ਵਿੱਚ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲਿਆ ।ਸਟੇਜ ਦੀ ਜ਼ਿਮੇਵਾਰੀ ਸ. ਐੱਚ. ਐੱਸ. ਕਠਾਨੀਆਂ ਅਤੇ ਗੁਰਮੁੱਖ ਸਿੰਘ ਅਰਜਨ ਮਾਂਗਾ ਨੇ ਬਾਖੂਬੀ ਨਿਭਾਈ । ਇਸ ਮੌਕੇ ਤੇ ਸਟੈਂਡਰਡ ਸਕੂਲ ਦੇ ਐੱਮ. ਡੀ. ਸ. ਚਰਨਜੀਤ ਸਿੰਘ ਹੁੰਦਲ, ਪ੍ਰਿੰਸੀਪਲ ਅਮਨਪ੍ਰੀਤ ਕੌਰ, ਮੈਡਮ ਨੀਰਜ ਕੁਮਾਰੀ ਅਤੇ ਸ. ਜਗਦੀਪ ਸਿੰਘ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਕੁੱਲ ਮਿਲਾ ਕੇ ਇਹ ਸਮਾਰੋਹ ਯਾਦਗਾਰੀ ਹੋ ਨਿਬੜਿਆ।