ਖਡੂਰ ਸਾਹਿਬ, 11 ਮਈ (ਬਿਊਰੋ) : ਵਾਰਿਸ ਪੰਜਾਬ ਦੇ ਸੰਗਠਨ ਦੇ ਪ੍ਰਮੁੱਖ ਅਤੇ ਖਾਲਿਸਤਾਨ ਦੇ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਸੰਸਦੀ ਸੀਟ ਤੋਂ ਨਾਮਜਦਗੀ ਪੱਤਰ ਭਰ ਦਿੱਤਾ ਹੈ। ਇਹ ਨਾਮਜਦਗੀ ਪੱਤਰ ਉਹਨਾਂ ਨੇ ਡਿਬਰੂਗੜ੍ਹ ਜੇਲ ਤੋਂ ਭਰਿਆ ਹੈ। ਨਾਮੀਨੇਸ਼ਨ ਪ੍ਰੋਸੈਸ ਦੀ ਦੇਖਰੇਖ ਡਿਬਰੂਗੜ੍ਹ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਅੰਮ੍ਰਿਤਪਾਲ ਵੱਲੋਂ ਨਾਮਜਦਗੀ ਪੱਤਰ ਦੇ ਨਾਲ ਦਿੱਤੇ ਗਏ ਐਫੀਡੇਵਿਟ ਤੋਂ ਪਤਾ ਲੱਗਿਆ ਹੈ ਕਿ ਉਸ ਕੋਲ ਸਿਰਫ 1000 ਰੂਪਏ ਹੀ ਜਮਾਂ ਹਨ। ਜਦਕਿ ਕੋਈ ਵੀ ਪ੍ਰੋਪਰਟੀ ਉਸ ਦੇ ਨਾਮ ਤੇ ਨਹੀਂ ਹੈ, ਨਾ ਹੀ ਕੋਈ ਗਹਿਣਾ ਗੱਟਾ ਉਸ ਦੇ ਨਾਮ ‘ਤੇ ਹੈ।
ਜਦਕਿ ਦੂਜੇ ਪਾਸੇ ਅਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਦੇ ਕੋਲ ਤਕਰੀਬਨ 18.17 ਲੱਖ ਦੀ ਸੰਪੱਤੀ ਹੈ। ਜਿਸ ਵਿੱਚ 4 ਲੱਖ ਰੁਪਏ ਉਸਦੇ ਖਾਤੇ ਵਿੱਚ ਹਨ ਅਤੇ ਕਰੀਬ 14 ਲੱਖ ਰੁਪਏ ਦੇ ਗਹਿਣੇ ਕਿਰਨਦੀਪ ਕੌਰ ਦੇ ਕੋਲ ਹਨ।
ਦਾਖਲ ਕੀਤੇ ਗਏ ਐਫੀਡੈਵਿਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਪੰਜਾਬ ਅਤੇ ਅਸਮ ਦੇ ਵਿੱਚ ਤਕਰੀਬਨ 12 ਕ੍ਰੀਮਿਨਲ ਕੇਸ ਦਰਜ ਹਨ। ਜਿਨਾਂ ਵਿੱਚੋਂ 11 ਕੇਸ ਪੰਜਾਬ ਵਿੱਚ ਹਨ।
ਸਭ ਤੋਂ ਜਿਆਦਾ ਜਲੰਧਰ ਦਿਹਾਤ ਵਿੱਚ ਪੰਜ ਕੇਸ ਦਰਜ ਹਨ, ਚਾਰ ਕੇਸ ਅੰਮ੍ਰਿਤਸਰ ਅਤੇ ਦੋ ਕੇਸ ਮੋਗਾ ਵਿੱਚ ਅੰਮ੍ਰਿਤਪਾਲ ਦੇ ਖਿਲਾਫ ਦਰਜ ਹਨ।
ਇੱਥੇ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਮੁਤਾਬਿਕ ਡਿਬਰੂਗੜ ਜੇਲ ਦੇ ਸੁਪਰਡੈਂਟ ਹੀ ਅੰਮ੍ਰਿਤਪਾਲ ਸਿੰਘ ਦਾ ਸਾਰਾ ਨਾਮਜਦਗੀ ਪ੍ਰੋਸੈਸ ਹੈਂਡਲ ਕਰਨਗੇ। ਅਦਾਲਤ ਨੇ ਕਿਹਾ ਸੀ ਕਿ ਸੋਮਵਾਰ ਤੱਕ ਸਾਰਾ ਪ੍ਰੋਸੈਸ ਪੂਰਾ ਕਰ ਲਿਆ ਜਾਵੇ। ਪਰ ਸੁਪਰਡੈਂਟ ਨੇ ਅੱਜ ਹੀ ਸਾਰਾ ਪ੍ਰੋਸੈਸ ਪੂਰਾ ਕਰ ਦਿੱਤਾ।