ਅੰਮ੍ਰਿਤਸਰ, 28 ਅਪ੍ਰੈਲ (ਸਾਹਿਲ ਗੁਪਤਾ) : ਲੋਕਾਂ ਨਾਲ ਕੀਤੇ ਜਾ ਰਹੇ ਹਰੇਕ ਵਾਅਦੇ ਨੂੰ ਸੰਜੀਦਗੀ ਨਾਲ ਪੂਰਾ ਕਰ ਕੇ ਗੁਰੂ ਨਗਰੀ ਦੀ ਵਿਕਾਸ ਪੱਖੋਂ ਨੁਹਾਰ ਬਦਲ ਦਿਆਂਗਾ। ਇਹ ਵਿਚਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ रे ਉਮੀਦਵਾਰ ਅਨਿਲ ਜੋਸ਼ੀ ਨੇ ਅੱਜ ਇਕ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਚੋਣ ਮੈਦਾਨ ‘ਚ ਡਟੇ ਹੋਏ ਉਮੀਦਵਾਰਾਂ ਕੋਲੋਂ ਲੋਕਾਂ ਨੂੰ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਦਾ ਰਿਪੋਰਟ ਕਾਰਡ ਮੰਗਣਾ ਚਾਹੀਦਾ ਹੈ ਤੇ ਫਿਰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਵੋਟ ਦਾ ਅਸਲ ਹੱਕਦਾਰ ਕੌਣ ਹੈ।
ਜੋਸ਼ੀ ਨੇ ਕਿਹਾ ਕਿ ਚੋਣਾਂ ‘ਚ ਵੋਟਾਂ ਬਟੋਰਨ ਲਈ ਗੱਲਾਂ ਦਾ ਕੜਾਹ ਬਣਾਉਣ ਵਾਲੇ ਤਾਂ ਬਥੇਰੇ ਮਿੱਲ ਜਾਂਦੇ ਹਨ ਪਰ ਆਪਣੇ ਕਹੇ ਬੋਲਾਂ ਨੂੰ ਪੁਗਾਉਣ ਵਾਲੇ ਵਿਰਲੇ ਹੀ ਹੁੰਦੇ ਹਨ ਜਿਨ੍ਹਾਂ ਦੀ ਪਛਾਣ ਲੋਕਾਂ ਨੂੰ ਖੁਦ ਕਰਨੀ ਚਾਹੀਦੀ ਹੈ। ਜੋਸ਼ੀ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਜੇਕਰ ਇਸ ਵਾਰ ਅੰਮ੍ਰਿਤਸਰ ਦੇ ਨਿਵਾਸੀਆਂ ਨੇ ਮੈਨੂੰ ਸੇਵਾ ਦਾ ਮਾਣ ਬਖਸ਼ਿਆ ਤਾਂ ਭਗਤਾਂਵਾਲਾ ਕੂੜੇ ਦੇ ਡੰਪ ਨੂੰ ਸ਼ਹਿਰ ‘ਚੋਂ ਬਾਹਰ ਕੱਢਣ, ਸ਼ਹਿਰ ਦੇ ਸਾਰੇ ਗੰਦੇ ਨਾਲਿਆ ਨੂੰ ਢੱਕਣ ਸਮੇਤ ਲੋਕਾਂ ਦੀ ਹਰੇਕ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਕੇ ਦਿਖਾਵਾਂਗਾ।