ਜਲੰਧਰ, 26 ਅਪ੍ਰੈਲ (ਕਬੀਰ ਸੌਂਧੀ) : ਪੰਜਾਬ ਲੋਕ ਸਭਾ-2024 ਦੀਆਂ ਚੋਣਾਂ ਦੇ ਚਲਦਿਆਂ ਪੇਂਡੂ ਖੇਤਰਾਂ ‘ਚ ਭਾਜਪਾ ਉਮੀਦਵਾਰਾਂ ਦਾ ਪ੍ਰਚਾਰ ਕਰਨ ਦੌਰਾਨ ਜਬਰਦਸਤ ਵਿਰੋਧ ਹੋ ਰਿਹਾ ਹੈ । ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸੂਬੇ ਵਿੱਚ ਕੇਂਦਰ ਦੇ ਹੁਕਮਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਨਹੀਂ ਆਉਣ ਦਿੱਤਾ ਜਾ ਰਿਹਾ। ਪੰਜਾਬ ਵਿੱਚ ਭਾਜਪਾ ਨੇ ਹੁਣ ਤੱਕ 13 ਸੀਟਾਂ ‘ਚੋਂ ਉਸ ਨੇ 9 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਥੇ ਸਾਰੀਆਂ ਸੀਟਾਂ ‘ਤੇ ਸੱਤਵੇਂ ਅਤੇ ਆਖਰੀ ਪੜਾਅ ‘ਚ 1 ਜੂਨ ਨੂੰ ਵੋਟਿੰਗ ਹੋਵੇਗੀ।
ਜੇਕਰ ਪਿਛਲੇ 15 ਦਿਨਾਂ ਦੀ ਗੱਲ ਕਰੀਏ ਤਾਂ ਇਥੇ ਭਾਜਪਾ ਉਮੀਦਵਾਰਾਂ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਰੀਬ 40 ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਕਾਲੇ ਝੰਡੇ ਦਿਖਾਏ ਅਤੇ ਕਈ ਮੌਕਿਆਂ ‘ਤੇ ਧੱਕਾ-ਮੁੱਕੀ ਵੀ ਹੋਈ। ਇਸ ਤੋਂ ਇਲਾਵਾ ਕਈ ਪਿੰਡਾਂ ਵਿੱਚ ਕਿਸਾਨਾਂ ਨੇ ਭਾਜਪਾ ਉਮੀਦਵਾਰਾਂ ਦੀ NO ENTRY ਦੇ ਬੋਰਡ ਵੀ ਲਗਾ ਦਿੱਤੇ ਗਏ ਹਨ। ਸੰਯੁਕਤ ਕਿਸਾਨ ਮੋਰਚਾ ਵਲੋਂ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਭਾਜਪਾ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਨਾ ਕਰਨ ਦੇਣ ਦੀ ਅਪੀਲ ਕੀਤੀ ਗਈ ਹੈ।
ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬ੍ਰਾਂਚ ਦੇ ਅੰਕੜਿਆਂ ਅਨੁਸਾਰ ਸਭ ਤੋਂ ਵੱਧ 15 ਧਰਨੇ ਫਰੀਦਕੋਟ ਹਲਕੇ ਵਿੱਚ ਹੋਏ। ਇੱਥੋਂ ਭਾਜਪਾ ਨੇ ਹੰਸਰਾਜ ਹੰਸ ਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਨੇ 4 ਅਪ੍ਰੈਲ ਨੂੰ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ। ਉਦੋਂ ਤੋਂ ਇਸ ਗਾਇਕ-ਸਿਆਸਤਦਾਨ ਨੂੰ ਲਗਭਗ ਹਰ ਦਿਨ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਬੁੱਧਵਾਰ ਨੂੰ ਉੱਤਰ ਪੱਛਮੀ ਦਿੱਲੀ ਹਲਕੇ ਦੇ ਸੰਸਦ ਮੈਂਬਰ ਹੰਸਰਾਜ ਨੂੰ ਕਿਸਾਨਾਂ ਨੇ ਅਰਾਇਣਵਾਲਾ ਪਿੰਡ ਵਿੱਚ ਰੈਲੀ ਵਾਲੀ ਥਾਂ ‘ਤੇ ਪਹੁੰਚਣ ਤੋਂ ਰੋਕ ਦਿੱਤਾ ਸੀ। ਅਜਿਹੀ ਸਥਿਤੀ ਵਿੱਚ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਵੱਡੀ ਪੁਲਿਸ ਯੂਨਿਟ ਨੂੰ ਦਖਲ ਦੇਣਾ ਪਿਆ। ਇਸ ਦੌਰਾਨ 25 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰੁਣਜੀਤ ਸੰਧੂ ਦੀ ਵੀ ਸਥਿਤੀ ਕੁਝ ਅਜਿਹੀ ਹੀ ਹੈ। ਇਸੇ ਦੌਰਾਨ ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਵੀ ਬੀਤੇ ਦਿਨ ਨਕੋਦਰ ‘ਚ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।