ਕਰਤਾਰਪੁਰ, 22 ਅਪ੍ਰੈਲ (ਬਿਊਰੋ) : ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਕਰਤਾਰਪੁਰ ਵਿੱਚ ਆਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਕਿਹਾ ਕਿ ਜਲੰਧਰ ਦੇ ਲੋਕ ਪੜ੍ਹੇ-ਲਿਖੇ ਅਤੇ ਸਿਆਣੇ ਹਨ। ਉਹ ਦਲ ਬਦਲੂਆਂ ਨੂੰ ਮੂੰਹ ਨਹੀਂ ਲਾਉਣਗੇ। ਇਹ ਗੱਲ ਉਨ੍ਹਾਂ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੇ ਪਿੰਡ ਧਾਰੀਵਾਲ ਕਾਦੀਆਂ ਵਿੱਚ ਕਹੀ।
ਉਨ੍ਹਾਂ ਚੋਣ ਮੁਹਿੰਮ ਦਾ ਆਗਾਜ਼ ਕਰਨ ਤੋਂ ਪਹਿਲਾਂ ਚੌਧਰੀ ਸੁਰਿੰਦਰ ਸਿੰਘ ਦੇ ਦਾਦਾ ਸਾਬਕਾ ਕੈਬਨਿਟ ਮੰਤਰੀ ਮਰਹੂਮ ਮਾਸਟਰ ਗੁਰਬੰਤਾ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਮਰਹੂਮ ਚੌਧਰੀ ਜਗਜੀਤ ਸਿੰਘ ਦੀਆਂ ਸਮਾਧਾਂ ‘ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ‘ਚ ਆਪਣਾ ਰਸੂਖ ਰੱਖਣ ਅਤੇ ਗਾਂਧੀ ਪਰਿਵਾਰ ਦੇ ਨੇੜੇ ਰਹੇ ਮਰਹੂਮ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਵੱਲੋਂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਜਾਣਾ ਮੰਦਭਾਗਾ ਹੈ।
ਉਨ੍ਹਾਂ ਫਿਲੌਰ ਤੋਂ ਵਿਧਾਇਕ ਚੌਧਰੀ ਵਿਕਰਮ ਸਿੰਘ ਬਾਰੇ ਕਿਹਾ ਕਿ ਉਹ ਹੁਣ ਆਪਣੇ ਮਾਤਾ ਜੀ ਦੇ ਕਹਿਣ ‘ਤੇ ਭਾਜਪਾ ਦਾ ਪ੍ਰਚਾਰ ਕਰਨਗੇ ਅਤੇ ਅਜਿਹੇ ਵਿਅਕਤੀਆਂ ਨੂੰ ਪਾਰਟੀ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਹਲਕਾ ਕਰਤਾਰਪੁਰ ਦੇ ਵਰਕਰਾਂ ਨੂੰ ਚੋਣਾਂ ਵਿੱਚ ਤਕੜੇ ਹੋ ਕੇ ਕੰਮ ਕਰਨ ਅਤੇ ਬਹੁਮਤ ਨਾਲ ਕਾਂਗਰਸ ਨੂੰ ਜਿਤਾਉਣ ਦੀ ਅਪੀਲ ਕੀਤੀ। ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਕਾਂਗਰਸ ਪਾਰਟੀ ਨੂੰ ਸਮਰਪਿਤ ਰਹੇ ਹਨ ਅਤੇ ਕੁਝ ਪਰਿਵਾਰਕ ਮਸਲਿਆਂ ਕਾਰਨ ਚੁੱਪ ਹੋ ਗਏ ਸਨ। ਉਨ੍ਹਾਂ ਕਿਹਾ ਕਿ ਜਲੰਧਰ ਦੇ ਵਿਕਾਸ ਲਈ ਚਰਨਜੀਤ ਸਿੰਘ ਚੰਨੀ ਬਾਕੀ ਸਾਰੇ ਉਮੀਦਵਾਰਾਂ ਨਾਲੋਂ ਵਧੀਆ ਹਨ।