ਅੰਮ੍ਰਿਤਸਰ/ਜੰਡਿਆਲਾ ਗੁਰੂ, 02 ਅਪ੍ਰੈਲ (ਕੰਵਲਜੀਤ ਸਿੰਘ) : ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਅੰਮ੍ਰਿਤਸਰ ਪਹੁੰਚੇ ਅਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ । ਮੱਥਾ ਟੇਕਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸੇ ਵੀ ਕਲਾਕਾਰ ਨੂੰ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਵੀ ਕਲਾਕਾਰ ਲੀਡਰ ਬਣ ਕੇ ਰਾਜਨੀਤੀ ਵਿੱਚ ਆਏ ਹਨ ਉਹਨਾਂ ਨੇ ਕੁਝ ਨਹੀਂ ਕੀਤਾ ਭਾਵੇਂ ਕਿਸੇ ਵੀ ਸ਼ਹਿਰ ਦੀ ਗੱਲ ਕਰੀਏ । ਜਿਸ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਤੋ ਇਲਾਵਾ ਪੰਜਾਬ ਦਾ ਕੋਈ ਵੀ ਹਿੱਸਾ ਹੋਵੇ ਕਿਉਂਕਿ ਕਲਾਕਾਰ ਕਲਾਕਾਰੀ ਕਰ ਸਕਦੇ ਹਨ ਰਾਜਨੀਤੀ ਨਹੀਂ । ਇਸ ਲਈ ਕਿਸੇ ਵੀ ਕਲਾਕਾਰ ਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ।
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਗਾਇਕ ਜਸਬੀਰ ਜੱਸੀ ਨੇ ਦੱਸਿਆ ਕਿ ਮੇਰੇ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸਨ ਕਿ ਮੈਂ ਰਾਜਨੀਤੀ ਦੇ ਵਿੱਚ ਆ ਰਿਹਾ ਹਾਂ । ਪਰ ਇਹ ਅਫਵਾਵਾਂ ਬਿਲਕੁਲ ਝੂਠੀਆਂ ਹਨ, ਮੈਂ ਨਾ ਕਦੇ ਸੋਚਿਆ ਹੈ ਅਤੇ ਨਾ ਕਦੀ ਸੋਚਾਂਗਾ । ਵੈਸੇ ਮੈਂ ਸੋਸ਼ਲ ਮੀਡੀਆ ਉਤੇ ਰੀਲ ਬਣਾ ਕੇ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਇਹ ਗੱਲਾਂ ਬਿਲਕੁਲ ਝੂਠੀਆਂ ਅਤੇ ਬੇਬੁਨਿਆਦ ਹਨ ਕਿ ਜਸਬੀਰ ਜੱਸੀ ਰਾਜਨੀਤੀ ਵਿੱਚ ਆ ਰਿਹਾ ਹੈ। ਪੰਜਾਬ ਨੂੰ ਉਹ ਸੱਚੇ ਅਤੇ ਇਮਾਨਦਾਰ ਲੀਡਰਾਂ ਦੀ ਜਰੂਰਤ ਹੈ ਜੋ ਪੰਜਾਬ ਦੇ ਹਿਤਾਂ ਦੇ ਲਈ ਕੰਮ ਕਰਨ, ਜਿਸ ਨਾਲ ਪੰਜਾਬ ਦਾ ਵਿਕਾਸ ਹੋ ਸਕੇ। ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਦੇ ਬਾਰੇ ਟਿੱਪਣੀ ਕਰਦੇ ਹੋਏ ਜਸਬੀਰ ਜੱਸੀ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਚਾਹੇ ਤਾਂ ਇਸ ਤੇ ਠੱਲ ਪਾ ਸਕਦੀ ਹੈ ਜਿਸ ਨਾਲ ਨਸ਼ਾ ਜੜ ਤੋਂ ਖਤਮ ਹੋ ਜਾਵੇਗਾ।