ਜਲੰਧਰ, 27 ਮਾਰਚ (ਕਬੀਰ ਸੌਂਧੀ) : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਕਿਹਾ ਕਿ ਲੋੜਵੰਦ ਕੈਦੀਆਂ ਨੂੰ ਸਹਾਇਤਾ ਸਬੰਧੀ ਸਕੀਮ ਨੂੰ ਜ਼ਿਲ੍ਹੇ ਵਿੱਚ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਆਰਥਿਕ ਤੌਰ ’ਤੇ ਤੰਗ ਕੈਦੀਆਂ ਨੂੰ ਰਾਹਤ ਪਹੁੰਚਾਈ ਜਾ ਸਕੇ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸਬੰਧੀ ਅਧਿਕਾਰਤ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਦਾ ਉਦੇਸ਼ ਅਜਿਹੇ ਗਰੀਬ ਕੈਦੀਆਂ ਨੂੰ ਰਾਹਤ ਪਹੁੰਚਾਉਣਾ ਹੈ, ਜਿਹੜੇ ਜੁਰਮਾਨੇ ਦੀ ਰਾਸ਼ੀ ਦਾ ਭੁਗਤਾਨ ਕਰਨ ਤੋਂ ਅਸਮਰੱਥ ਹਨ ਜਾਂ ਆਰਥਿਕ ਤੰਗੀ ਕਰਕੇ ਜ਼ਮਾਨਤ ਪ੍ਰਾਪਤ ਨਹੀਂ ਕਰ ਸਕਦੇ।
ਮੀਟਿੰਗ ਵਿੱਚ ਸੁਪਰਡੰਟ ਸੈਂਟਰਲ ਜੇਲ ਕਪੂਰਥਲਾ ਵੱਲੋਂ ਅਜਿਹੇ 4 ਸਜ਼ਾਯਾਫਤਾ ਕੈਦੀਆਂ ਅਤੇ 26 ਅੰਡਰ ਟਰਾਇਲ ਬੰਦੀਆਂ, ਜਿਹੜੇ ਕ੍ਰਮਵਾਰ ਆਪਣਾ ਜੁਰਮਾਨਾ ਅਤੇ ਜ਼ਮਾਨਤ/ਸ਼ੌਰਟੀ ਬੌਂਡ ਭਰਨ ਵਿੱਚ ਅਸਮਰੱਥ ਹਨ, ਦੀ ਪੇਸ਼ ਕੀਤੀ ਗਈ ਸੂਚੀ ’ਤੇ ਕਮੇਟੀ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ।
ਉਪਰੰਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਬੰਧਤ ਪਟਵਾਰੀਆਂ ਪਾਸੋਂ ਸੂਚੀ ਵਿੱਚ ਸ਼ਾਮਲ ਕੈਦੀਆਂ ਦੀ ਆਰਥਿਕ ਹਾਲਤ ਦੀ ਵੈਰੀਫਿਕੇਸ਼ਨ ਕਰਵਾ ਕੇ ਉਕਤ ਕੈਦੀਆਂ ਦੀ ਆਰਥਿਕ ਸਥਿਤੀ ਸਬੰਧੀ ਜਲਦ ਰਿਪੋਰਟ ਪੇਸ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਕਮੇਟੀ ਵੱਲੋਂ ਅਗਲੇਰੀ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਮੀਟਿੰਗ ਵਿੱਚ ਐਸ.ਪੀ. ਜਲੰਧਰ (ਦਿਹਾਤੀ) ਜਸਰੂਪ ਕੌਰ ਬਾਠ, ਸੁਪਰਡੰਟ ਸੈਂਟਰਲ ਜੇਲ ਕਪੂਰਥਲਾ ਕੁਲਵੰਤ ਸਿੰਘ ਆਦਿ ਵੀ ਮੌਜੂਦ ਸਨ।