ਅੰਮਿ੍ਤਸਰ, 22 ਦਸੰਬਰ (ਕੰਵਲਜੀਤ ਸਿੰਘ) : ਅੰਮ੍ਰਿਤਸਰ ਦਿਹਾਤੀ ਦੇ ਪਿੰਡਾਂ ਕਸਬਿਆਂ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਨਜਰ ਆ ਰਿਹਾ ਹੈ। ਚੋਰਾਂ ਦੇ ਹੌਂਸਲੇ ਹੁਣ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਰੱਬ ਦਾ ਵੀ ਕੋਈ ਡਰ ਨਹੀਂ ਰਿਹਾ ।ਚੋਰਾਂ ਵਲੋਂ ਲਗਾਤਾਰ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਕਸਬਾ ਟਾਂਗਰਾ ਨੇੜੇ ਸਥਿਤ ਵੱਖ-ਵੱਖ ਗੁਰਦੁਆਰਿਆਂ ਤੋਂ ਸਾਹਮਣੇ ਆਈ ਹੈ, ਜਿੱਥੇ ਅਣਪਛਾਤੇ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਵਿਚ ਗੋਲਕ ਤੋੜ ਕੇ ਹਜਾਰਾ ਦੀ ਨਕਦੀ ਚੋਰੀ ਕਰ ਲਈ ਗਈ ਹੈ।
ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਸਵੰਤ ਸਿੰਘ ਨੇ ਦਸਿਆ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਬੇਖੌਫ ਹੋ ਕੇ ਗੁਰਦੁਆਰਾ ਸਾਹਿਬ ਅੰਦਰ ਵੜ ਜਿੱਥੇ ਗੋਲਕ ਤੋੜ ਕੇ ਨਕਦੀ ਚੋਰੀ ਕੀਤੀ ਗਈ। ਉਥੇ ਹੀ ਹੋਰ ਨਕਦੀ ਦੀ ਤਲਾਸ਼ ਵਿੱਚ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਅੰਦਰ ਗੁਰੂ ਸਾਹਿਬ ਦੇ ਰੁਮਾਲੇ ਆਦਿ ਸਮਾਨ ਰੱਖਣ ਲਈ ਬਣਾਈਆਂ ਗਈਆਂ ਅਲਮਾਰੀਆਂ ਨੂੰ ਫਰੋਲਦੇ ਹੋਏ ਨੁਕਸਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਨਜਦੀਕੀ ਗੁਰਦਵਾਰਿਆਂ ਵਿੱਚ ਵੀ ਚੋਰਾਂ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਗੋਲਕ ਵਿੱਚੋਂ ਕਰੀਬ 50 ਹਜਾਰ ਰੁਪਏ ਦੀ ਨਕਦੀ ਚੋਰੀ ਹੋਈ ਹੈ ਅਤੇ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ । ਜਿਨ੍ਹਾਂ ਵਲੋਂ ਮੌਕੇ ਤੇ ਮੁਆਇਨਾ ਕਰਕੇ ਗੁਰਦੁਆਰਾ ਸਾਹਿਬ ਵਿਚ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਕਬਜੇ ਵਿੱਚ ਲੈਅ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਅਪੀਲ ਕੀਤੀ ਹੈ ਕਿ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਜਾਣ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ। ਦੱਸ ਦਈਏ ਕਿ ਮੁੱਛਲ, ਛੱਜਲਵੱਡੀ ਅਤੇ ਟਾਂਗਰਾ ਇਲਾਕੇ ਦੇ ਗੁਰਦਵਾਰਿਆਂ ਵਿੱਚ ਚੋਰਾਂ ਵਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ।