ਜਲੰਧਰ, 28 ਨਵੰਬਰ (ਕਬੀਰ ਸੌਂਧੀ) : ਜਲੰਧਰ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਸੂਬਾ ਕਮੇਟੀ ਪੀਐੱਸਐੱਮਐੱਸਯੂ ਵੱਲੋਂ ਅੱਜ 28 ਨਵੰਬਰ ਨੂੰ ਆਨਲਾਈਨ ਮੀਟਿੰਗ ਕਰਕੇ ਸਮੂਹ ਜਿਲਿਆਂ ਦੀ ਲੀਡਰਸ਼ਿਪ ਨਾਲ ਸਲਾਹ ਕਰਨ ਉਪਰੰਤ ਕਲਮਛੋੜ/ਕੰਪਿਊਟਰ ਬੰਦ ਹੜਤਾਲ, ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦੇ ਹੋਏ 06 ਦਸੰਬਰ 2023 ਤੱਕ ਵਧਾਉਣ ਦਾ ਐਲਾਨ ਕੀਤਾ ਗਿਆ ਹੈ।
ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮਹਿੰਗਾਈ ਭੱਤਿਆਂ ਦੀਆਂ ਰੁਕੀਆਂ ਕਿਸ਼ਤਾਂ, ਪੰਦਰਾਂ ਜਨਵਰੀ 2015 ਦਾ ਨੋਟੀਫਿਕੇਸ਼ਨ ਰੱਦ ਕਰਵਾਉਣਾ, 2020 ਵਿੱਚ ਲਾਗੂ ਨੋਟੀਫਿਕੇਸ਼ਨ ਅਨੁਸਾਰ ਕੇਂਦਰੀ ਪੈਟਰਨ ਦੇ ਸਕੇਲਾਂ ਅਨੁਸਾਰ ਨਵੀਂ ਭਰਤੀ ਨੂੰ ਪੰਜਾਬ ਦੇ ਤਨਖਾਹ ਸਕੇਲਾਂ ਅਨੁਸਾਰ ਲਾਗੂ ਕਰਵਾਉਣ ਸਮੇਤ ਅਹਿਮ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਦੌਰਾਨ ਆਪ ਸਭ ਦੀ ਏਕਤਾ ਅਤਿਅੰਤ ਜਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਕੋਈ ਵੀ ਮੁਲਾਜ਼ਮ ਸਾਥੀ ਕਲਮਛੋੜ ਹੜਤਾਲ ਦੌਰਾਨ ਤਨਖਾਹ ਆਦਿ ਦੇ ਬਿੱਲ ਬਣਾਕੇ ਆਨਲਾਈਨ ਨਾ ਕਰੇ ਕਿਉਂਕਿ ਇਸ ਤਰਾਂ ਕਰਨ ਨਾਲ ਸਾਡੇ ਖਜਾਨਾ ਦਫਤਰ ਦੇ ਸਾਥੀਆਂ ਤੇ ਵਾਧੂ ਬੋਝ ਪੈਂਦਾ ਹੈ ਅਤੇ ਕਿਤੇ ਨਾ ਕਿਤੇ ਸਾਡੇ ਸੰਘਰਸ਼ ਨੂੰ ਢਾਹ ਲੱਗਦੀ ਹੈ।
ਉਨ੍ਹਾਂ ਕਿਹਾ ਕਿ ਸਮੁੱਚੀ ਕਲੈਰੀਕਲ ਜਮਾਤ ਆਪਣੀ ਅਣਖ ਤੇ ਗੈਰਤ ਕਾਇਮ ਰੱਖਣ ਲਈ ਸੰਘਰਸ਼ ਦੇ ਮੈਦਾਨ ਵਿੱਚ ਹੈ। ਸੋ ਸਮੂਹ ਕਲੈਰੀਕਲ ਕੇਡਰ ਨੂੰ ਇਹ ਪੁਰਜੋਰ ਅਪੀਲ ਹੈ ਕਲਮਛੋੜ ਹੜਤਾਲ ਨੂੰ ਮੁਕੰਮਲ ਕਾਮਯਾਬ ਕੀਤਾ ਜਾਵੇ ਤਾਂ ਜੋ ਅਸੀਂ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਸੰਘਰਸ਼ ਕਾਮਯਾਬ ਕਰਕੇ ਆਪਣੀਆਂ ਹੱਕੀ ਮੰਗਾਂ ਮੰਨਵਾ ਸਕੀਏ। ਸੋ ਕੋਈ ਵੀ ਸਾਥੀ ਕਮਜ਼ੋਰੀ ਨਾ ਦਿਖਾਵੇ, ਅਗਰ ਕੋਈ ਅਧਿਕਾਰੀ ਹੜਤਾਲ ਦੌਰਾਨ ਕੰਮ ਕਰਨ ਲਈ ਜੋਰ ਪਾਉਂਦਾ ਹੈ ਤਾਂ ਜਿਲਾ ਕਮੇਟੀ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇ।