ताज़ा खबरपंजाब

ਅੰਮ੍ਰਿਤਸਰ ਤੋਂ ਚੱਲੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦੀ ਪਲੇਠੀ ਰੇਲ ਗੱਡੀ

ਯਾਤਰਾ ਉਤੇ ਜਾਣ ਵਾਲੇ ਯਾਤਰੀ ਦਾ ਸਾਰਾ ਖਰਚਾ ਕਰੇਗੀ ਪੰਜਾਬ ਸਰਕਾਰ : ਈ.ਟੀ.ਓ

ਜੰਡਿਆਲਾ ਗੁਰੂ, 27 ਨਵੰਬਰ (ਕੰਵਲਜੀਤ ਸਿੰਘ ਲਾਡੀ) : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ 27 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਲੇਠੀ ਰੇਲ ਗੱਡੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੋਈ। ਇਸ ਰੇਲ ਗੱਡੀ ਉਤੇ ਯਾਤਰਾ ਲਈ ਗਏ ਅੰਮ੍ਰਿਤਸਰ ਅਤੇ ਤਰਨਤਾਰਨ ਜਿਲ੍ਹੇ ਦੇ 344 ਯਾਤਰੀਆਂ ਨੂੰ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਤੇ ਸ. ਹਰਭਜਨ ਸਿੰਘ ਈ ਟੀ ਓ ਨੇ ਰੇਲਵੇ ਸਟੇਸ਼ਨ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਕੀਤਾ। ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੋਵਾਂ ਜਿਲਿਆਂ ਤੋਂ ਸ਼ਰਧਾਲੂਆਂ ਨੂੰ ਬੱਸਾਂ ਰਾਹੀਂ ਲਿਆਂਦਾ ਗਿਆ, ਜਿੱਥੇ ਉਨਾਂ ਨੂੰ ਸਵੇਰ ਦਾ ਖਾਣਾ, ਮੈਡੀਕਲ ਚੈਕ ਅੱਪ ਅਤੇ ਯਾਤਰਾ ਉਤੇ ਜਾਣ ਵਾਲਾ ਲੋੜੀਂਦਾ ਸਮਾਨ ਜਿਸ ਵਿਚ ਕੰਬਲ, ਸਰਹਾਣਾ, ਬੈਡ ਸ਼ੀਟ, ਛੱਤਰੀ, ਸਾਬਣ-ਤੇਲ, ਕਿਤਾਬਚਾ ਆਦਿ ਸ਼ਾਮਿਲ ਸਨ ਇਕ ਕਿੱਟ ਦੇ ਰੂਪ ਵਿਚ ਦਿੱਤੇ ਗਏ। ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨ ਛੋਹ ਪ੍ਰਾਪਤ ਪਾਵਨ ਧਰਤੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਜਿਸ ਦੀ ਦਰਸ਼ਨਾਂ ਦੀ ਤਾਂਘ ਹਰ ਸਿੱਖ ਨੂੰ ਰਹਿੰਦੀ ਹੈ, ਦੇ ਦਰਸ਼ਨਾਂ ਲਈ ਪਹਿਲੀ ਰੇਲ ਗੱਡੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਪੰਜਾਬ ਵਾਸੀਆਂ ਨੂੰ ਦੇਸ਼ ਭਰ ਵਿੱਚ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਸਤੇ ਸਫ਼ਰ ਦੀ ਸਹੂਲਤ ਮੁਫ਼ਤ ਮਿਲੇਗੀ ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਪਾਵਨ ਅਸਥਾਨ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਇਲਾਵਾ ਤਖਤ ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਨਸੀ ਮੰਦਿਰ, ਅਯੁੱਧਿਆ ਅਤੇ ਵਰਿੰਦਾਵਨ ਧਾਮ (ਉੱਤਰ ਪ੍ਰਦੇਸ਼), ਸ੍ਰੀ ਅਜਮੇਰ ਸ਼ਰੀਫ਼ (ਰਾਜਸਥਾਨ) ਦੀ ਯਾਤਰਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸਾਲਾਸਰ ਧਾਮ, ਮਾਤਾ ਚਿੰਤਪੁਰਨੀ, ਮਾਤਾ ਵੈਸ਼ਨੂੰ ਦੇਵੀ, ਮਾਤਾ ਜਵਾਲਾ ਜੀ ਵਰਗੇ ਅਸਥਾਨਾਂ ਦੀ ਯਾਤਰਾ ਕਰਨ ਦੀ ਇੱਛਾ ਵੀ ਪੂਰੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇੰਨਾ ਤੀਰਥ ਸਥਾਨਾਂ ਦੀ ਯਾਤਰਾਂ ਲਈ ਰੋਜ਼ਾਨਾ ਬੱਸਾਂ ਤੇ ਰੇਲ ਗੱਡੀਆਂ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਮੌਕੇ ਯਾਤਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਇਸ ਤਰੀਥ ਯਾਤਰਾ ਉਤੇ ਜਾਣ ਲਈ ਦੋ ਤਰ੍ਹਾਂ ਦੇ ਸਾਧਨਾਂ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਲੰਬੀ ਦੂਰੀ ਦੇ ਧਾਰਮਿਕ ਸਥਾਨਾਂ ਲਈ ਯਾਤਰਾ ਦਾ ਸਾਧਨ ਰੇਲ ਗੱਡੀ ਅਤੇ ਘੱਟ ਦੂਰੀ ਲਈ ਯਾਤਰਾ ਦਾ ਸਾਧਨ ਸੜਕ ਰਸਤੇ ਬੱਸਾਂ ਰਾਹੀਂ ਹੋਵੇਗਾ। ਉਨਾਂ ਦੱਸਿਆ ਕਿ ਰੇਲਵੇ ਨੂੰ ਹਦਾਇਤ ਕੀਤੀ ਗਈ ਹੈ ਕਿ ਹਰੇਕ ਡੱਬੇ ਵਿਚ ਯਾਤਰੀਆਂ ਲਈ ਕੀਰਤਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਯਾਤਰੀ ਵਾਹਿਗੁਰੂ ਦਾ ਗੁਣਗਾਨ ਕਰਦੇ ਹੋਏ ਆਪਣੀ ਯਾਤਰਾ ਸਫਲ ਕਰਨ। ਇਸ ਤੋਂ ਇਲਾਵਾ ਸਟੇਸ਼ਨ ਉਤੇ ਯਾਤਰੀਆਂ ਨੂੰ ਲਿਆਉਣ ਅਤੇ ਸ੍ਰੀ ਹਜੂਰ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਤੁਹਾਡੇ ਠਹਿਰਨ ਵਾਲੇ ਸਥਾਨ ਤੱਕ ਜਾਣ ਆਦਿ ਦਾ ਸਮੁੱਚਾ ਪ੍ਰਬੰਧ ਪੰਜਾਬ ਸਰਕਾਰ ਦਾ ਹੋਵੇਗਾ ਤਾਂ ਕਿ ਯਾਤਰੀ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਨਾ ਆਵੇ।

ਦੱਸਣਯੋਗ ਹੈ ਕਿ ਇਸ ਪਲੇਠੀ ਰੇਲ ਗੱਡੀ ਵਿਚ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ 344 ਯਾਤਰੀ ਸ੍ਰੀ ਹਜੂਰ ਸਾਹਿਬ ਨੂੰ ਅੰਮ੍ਰਿਤਸਰ ਤੋਂ ਗਏ, ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀ ਵੀ ਡਿਊਟੀ ਵਜੋਂ ਨਾਲ ਗਏ ਹਨ। 27 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਇਹ ਰੇਲ ਗੱਡੀ 29 ਨਵੰਬਰ ਨੂੰ ਸ਼ਾਮ ਸ੍ਰੀ ਹਜ਼ੂਰ ਸਾਹਿਬ ਪਹੁੰਚੇਗੀ ਅਤੇ ਉਥੇ ਦਰਸ਼ਨਾਂ ਤੋਂ ਬਾਅਦ ਵਾਪਸ 2 ਦਸੰਬਰ ਨੂੰ ਇਹ ਰੇਲ ਗੱਡੀ ਅੰਮ੍ਰਿਤਸਰ ਵਾਪਸ ਆਵੇਗੀ। ਇਸ ਮੌਕੇ ਵਿਧਾਇਕ ਡਾ. ਅਜੇ ਗੁਪਤਾ, ਸ. ਜਸਵਿੰਦਰ ਸਿੰਘ ਰਮਦਾਸ, ਡਾ ਜਸਬੀਰ ਸਿੰਘ ਸੰਧੂ, ਸ. ਦਲਬੀਰ ਸਿੰਘ ਟੌਂਗ, ਸ. ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਚੇਅਰਮੈਨ ਸ ਦਿਲਬਾਗ ਸਿੰਘ ਪੱਟੀ, ਚੇਅਰਮੈਨ ਸ੍ਰੀ ਅਸ਼ੋਕ ਤਲਵਾਰ, ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ, ਕਮਿਸ਼ਨਰ ਪੁਲਿਸ ਸ. ਗੁਰਪ੍ਰੀਤ ਸਿੰਘ ਭੁੱਲਰ, ਸਹਾਇਕ ਸਟੇਟ ਟਰਾਂਸਪੋਰਟ ਕਮਿਸ਼ਨਰ ਸ. ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਦੀਪ ਕੌਰ, ਐਸ ਡੀ ਐਮ ਅਰਵਿੰਦਰਪਾਲ ਸਿੰਘ, ਆਰ ਟੀ ਏ ਸ. ਅਰਸ਼ਦੀਪ ਸਿੰਘ ਲੁਬਾਣਾ, ਸ੍ਰੀ ਸਤਪਾਲ ਸੋਖੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Related Articles

Leave a Reply

Your email address will not be published.

Back to top button