ਅੰਮ੍ਰਿਤਸਰ, 22 ਅਕਤੂਬਰ (ਸਾਹਿਲ ਗੁਪਤਾ) : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਸਪਲਾਈ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਹਵਾਲਾ ਰਾਹੀਂ ਪੈਸੇ ਭੇਜ ਕੇ ਹਥਿਆਰ ਆਦਿ ਖਰੀਦਦੇ ਸਨ। ਇਨ੍ਹਾਂ ਦੇ ਕਬਜ਼ੇ ‘ਚੋਂ 11 ਪਿਸਤੌਲ, 2 ਲੱਖ ਰੁਪਏ ਦੀ ਨਕਦੀ, 15 ਕਾਰਤੂਸ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਮੁਲਜ਼ਮ ਇਹ ਹਥਿਆਰ ਪੰਜਾਬ ‘ਚ ਗੈਂਗਸਟਰਾਂ ਨੂੰ ਸਪਲਾਈ ਕਰਦੇ ਸਨ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਕੋਲੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਨਮੋਲ ਸਿੰਘ, ਕਰਨਦੀਪ ਸਿੰਘ ਤੇ ਜਗਰੂਪ ਸਿੰਘ ਵਾਸੀ ਬਟਾਲਾ ਵਜੋਂ ਹੋਈ ਹੈ। ਮੁਲਜ਼ਮ ਇਹ ਸਪਲਾਈ ਕਰਨ ਲਈ ਫਤਿਹਗੜ੍ਹ ਚੂੜੀਆਂ ਪੁੱਜਿਆ ਸੀ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।