ਹੁਸ਼ਿਆਰਪੁਰ (ਜਸਵੀਰ ਸਿੰਘ ਪੁਰੇਵਾਲ) : ਹੁਸ਼ਿਆਰਪੁਰ ਪੁਲਿਸ ਦੇ ਐਸ ਐਸ ਪੀ ਨਵਜੋਤ ਸਿੰਘ ਮਾਹਲ ਨਸ਼ਿਆਂ ਖ਼ਿਲਾਫ਼ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਫਰਵਰੀ ਤੋਂ 4 ਮਾਰਚ ਤੱਕ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਜਿਥੇ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਦੇ ਧੰਦੇ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਕਾਰਵਾਈ ਕਰਦਿਆਂ 47 ਮਾਮਲੇ ਦਰਜ ਕੀਤੇ, ਉਥੇ ਨਾਲ ਹੀ ਲੋਕਾਂ ਨੂੰ ਇਸ ਬੁਰਾਈ ਖਿਲਾਫ਼ ਹੋਰ ਜਾਗਰੂਕ ਕਰਨ ਲਈ ਪਬਲਿਕ ਮੀਟਿੰਗਾਂ ਵੀ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 10 ਥਾਵਾਂ ’ਤੇ ਵਿਸ਼ੇਸ਼ ਸਰਚ ਓਪਰੇਸ਼ਨ ਵੀ ਚਲਾਏ ਗਏ ਜਿਨ੍ਹਾਂ ਵਿੱਚ ਬਿਕਰਮਪੁਰਾ ਮੁਹੱਲਾ, ਟਾਂਡਾ ਦੇ ਚੰਡੀਗੜ੍ਹ ਮੁਹੱਲਾ ਅਤੇ ਗੜ੍ਹਸ਼ੰਕਰ ਦੇ ਦੀਨੋਵਾਲ ਸ਼ਾਮਲ ਹਨ ਜਿਥੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਵੀ ਕੀਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁਹਿੰਮ ਦੌਰਾਨ ਨਸ਼ਿਆਂ ਦੇ ਧੰਦੇ ਨਾਲ ਜੁੜੇ 51 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ 161 ਗ੍ਰਾਮ ਹੈਰੋਇਨ, 816 ਗ੍ਰਾਮ ਨਸ਼ੀਲਾ ਪਾਊਡਰ, 30 ਗ੍ਰਾਮ ਚਰਸ, 1847 ਨਸ਼ੀਲੀਆਂ ਗੋਲੀਆਂ, 520 ਨਸ਼ੀਲੇ ਕੈਪਸੂਲ ਅਤੇ 1 ਲੱਖ ਰੁਪਏ ਦੀ ਨਗਦੀ (ਡਰੱਗ ਮਨੀ) ਵੀ ਬਰਾਮਦ ਕੀਤੀ ਗਈ। ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਹਿੰਮ ਦੌਰਾਨ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਮਾਮਲਿਆਂ ਵਿੱਚ ਲੋੜੀਂਦੇ 4 ਭਗੌੜੇ ਵੀ ਕਾਬੂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਟਾਂਡਾ ਅਤੇ ਦਸੂਹਾ ਪੁਲਿਸ ਵਲੋਂ ਕਾਰਵਾਈ ਕਰਦਿਆਂ 7 ਹਜ਼ਾਰ ਲੀਟਰ ਲਾਹਨ ਅਤੇ 6750 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰਕੇ ਮਾਮਲੇ ਦਰਜ ਕੀਤੇ ਗਏ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਮਾਮਲਿਆਂ ਵਿੱਚੋਂ ਜ਼ਮਾਨਤ ’ਤੇ ਬਾਹਰ ਆਏ ਸਮੱਗਲਰਾਂ ’ਤੇ ਵੀ ਖਾਸ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਨਸ਼ਿਆਂ ਨੂੰ ਪੂਰੀ ਤਰ੍ਹਾਂ ਠੱਲਿ੍ਹਆ ਜਾ ਸਕੇ। ਨਸ਼ਿਆਂ ਦੇ ਧੰਦੇ ਸ਼ਾਮਲ ਲੋਕਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਨਸ਼ਿਆਂ ਨੂੰ ਸਖਤੀ ਨਾਲ ਰੋਕਿਆ ਜਾਵੇਗਾ ਅਤੇ ਇਸ ਧੰਦੇ ’ਚ ਸ਼ਾਮਲ ਵਿਅਕਤੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਅਜਿਹੇ ਅਨਸਰਾਂ ਖਿਲਾਫ਼ ਪੂਰੀ ਸਖਤੀ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।