ਜੰਡਿਆਲਾ ਗੁਰੂ, 18 ਅਕਤੂਬਰ (ਕੰਵਲਜੀਤ ਸਿੰਘ, ਦਵਿੰਦਰ ਸਹੋਤਾ) : ਸਥਾਨਕ ਕਸਬੇ ਦੇ ਸੱਭ ਤੋਂ ਪੁਰਾਣੇ ਅਤੇ ਜੀ.ਟੀ. ਰੋਡ ਦੇ ਕੋਲ ਸਥਿਤ ਮੁਹੱਲੇ ਜੋਤੀਸਰ ਦੇ ਵਸਨੀਕ ਲੋਕਾਂ ਨੇ ਆ ਆਦਮੀ ਪਾਰਟੀ ਦੇ ਉੱਤੇ ਰੋਸ ਜ਼ਾਹਿਰ ਕਰਦਿਆਂ ਆਖਿਆ ਕਿ ਇਹ ਆਮ ਆਦਮੀ ਪਾਰਟੀ ਆਮ ਆਦਮੀ ਨੂੰ ਹੀ ਡੋਬਣ ਵੱਲ ਹੋ ਚੁੱਕੀ ਹੈ ਤੇ ਰਵਾਇਤੀ ਸਰਕਾਰਾਂ ਵਾਂਗ ਹੀ ਬਿਨਾਂ ਮਿਣਤੀ ਦੇ ਟੈਂਡਰ ਪਾਸ ਕਰਕੇ ਸੜਕਾਂ ਬਣਵਾ ਰਹੀ ਹੈ ਜੋ ਆਮ ਲੋਕਾਂ ਦੇ ਘਰ ਡੁੱਬ ਜਾਣਗੇ ਤੇ ਇਹਨਾਂ ਘਰਾਂ ‘ਚ ਨਾਲੀਆਂ ਦਾ, ਸੜਕਾਂ ਦਾ, ਮੀਂਹ ਵਗੈਰਾ ਦਾ ਪਾਣੀ ਜਾਇਆ ਕਰੇਗਾ ਤੇ ਲੋਕ ਇਸ ਰਾਜ ‘ਚ ਨਰਕ ਦੀ ਜ਼ਿੰਦਗੀ ਜੀਣਗੇ।
ਇਹ ਦੱਸਣਯੋਗ ਹੈ ਕਿ ਉਕਤ ਮੁਹੱਲੇ ਦੀ ਮੇਨ ਸੜਕ ਦਾ ਪਿਛਲੇ ਦੋ ਤਿੰਨ ਮਹੀਨੇ ਤੋਂ ਮੁਰੰਮਤ ਦਾ ਕੰਮ ਜਾਰੀ ਹੈ ਤੇ ਪਹਿਲਾਂ ਤੋਂ ਬਣੀ ਲੁੱਕ ਵਾਲੀ ਸੜਕ ਦੀ ਜਗ੍ਹਾ ‘ਤੇ ਸੀਮਿੰਟ ਵਾਲੀ ਸੜਕ ਬਣਾਉਣੀ ਸ਼ੁਰੂ ਕੀਤੀ ਗਈ ਪਰ ਉਕਤ ਸੜਕ ਬਣਨ ਤੋਂ ਪਹਿਲਾਂ ਕੋਈ ਮਿਣਤੀ ਨਹੀਂ ਹੋਈ ਅਤੇ ਨਾ ਹੀ ਸੜਕ ਦਾ ਲੈਵਲ ਘਰਾਂ ਤੋਂ ਨੀਵੇਂ ਪੱਧਰ ‘ਤੇ ਕੀਤਾ ਗਿਆ। ਆਮ ਜਨਤਾ ਦੀ ਅੱਖਾਂ ‘ਚ ਘੱਟਾ ਪਾਉਣ ਅਤੇ ਕਾਗਜਾਂ ‘ਚ ਪੁਟਾਈ ਦਿਖਾਉਣ ਲਈ ਥੋੜੀ ਸੜਕ ਪੁੱਟੀ ਗਈ ਪਰ ਜਦੋਂ ਇਹ ਸੜਕ ਬਣਨੀ ਸ਼ੁਰੂ ਹੋਈ ਤਾਂ ਲੋਕਾਂ ਦੇ ਘਰਾਂ ਦੇ ਲੈਵਲ ਤੋਂ ਕਈ ਕਈ ਇੰਚ ਬਲਕਿ ਕਈ ਫੁੱਟ ਹੀ ਸੜਕ ਉੱਚੀ ਬਣਦੀ ਨਜ਼ਰ ਆ ਰਹੀ ਹੈ।
ਲੋਕਾਂ ਨੇ ਸੰਬਧਿਤ ਮੰਤਰੀ, ਠੇਕੇਦਾਰਾਂ ਅਤੇ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਤੱਕ ਵੀ ਪਹੁੰਚ ਕਰਨੀ ਚਾਹੀ ਪਰ ਕਿਸੇ ਵੀ ਅਧਿਕਾਰੀ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕ ਰਹੀ। ਇਹ ਵੀ ਦੱਸਣਯੋਗ ਹੈ ਕਿ ਸਥਾਨਕ ਕਸਬੇ ਦੇ ਵਸਨੀਕ ਹਰਭਜਨ ਸਿੰਘ ਈ.ਟੀ.ਓ. ਹੀ ਪੀ.ਡਬਲਿਊ.ਡੀ. ਮਹਿਕਮੇ ਦੇ ਮੰਤਰੀ ਹਨ ਤੇ ਅੱਜ ਕੱਲ ਕਈ ਸੜਕਾਂ ਦੇ ਉਦਘਾਟਨ ਕਰ ਰਹੇ ਹਨ ਤੇ ਹੁਣ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰੀ ਆਮ ਆਦਮੀ ਹੀ ਆਮ ਆਦਮੀਆਂ ਦੇ ਘਰ ਡੋਬਣਗੇ।