ਬਾਬਾ ਬਕਾਲਾ ਸਾਹਿਬ 12 ਅਕਤੂਬਰ (ਸੁਖਵਿੰਦਰ ਬਾਵਾ/ਮਨਜਿੰਦਰ ਸਿੰਘ ਗਿੱਲ) : ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਵਲੋਂ ਦਿੱਲੀ ਦੇ ਲੈਫਟੀਨੈਂਟ ਗਵਰਨਰ ਸਕਸੈਨਾ ਵਲੋਂ 2010 ਦੇ ਇੱਕ ਕੇਸ ਵਿੱਚ ਲੇਖਿਕਾ ਅਰੁੰਧਤੀ ਰਾਏ ਅਤੇ ਇਕ ਸਾਬਕਾ ਕਸ਼ਮੀਰੀ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੇ ਜਾਣ ਦੀ ਸਖਤ ਅਲੋਚਨਾ ਕੀਤੀ ਹੈ।
ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ ਹਰਜਿੰਦਰ ਸਿੰਘ ਅਟਵਾਲ ਦੇ ਹਵਾਲੇ ਨਾਲ ਕਥਾਕਾਰ ਦੀਪ ਦੇਵਿੰਦਰ ਸਿੰਘ ਵਲੋਂ ਜਾਰੀ ਬਿਆਨ ਵਿਚ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਮਕਬੂਲ ਲੇਖਿਕਾ ਤੇ ਕਾਰਕੁਨ ਅਰੁੰਧਤੀ ਰਾਏ ਨੂੰ ਉਲਝਾਉਣ ਲਈ ਇਹ ਡੂੰਘੀ ਸਾਜ਼ਿਸ਼ ਕੇਂਦਰੀ ਹਕੂਮਤ ਦੇ ਇਸ਼ਾਰੇ ਤੇ ਘੜੀ ਗਈ ਹੈ। 13 ਸਾਲ ਬਾਅਦ ਇਸ ਕੇਸ ਨੂੰ ਉਛਾਲਣ ਦਾ ਉਦੇਸ਼ ਸੱਤਾ ਵਿਰੋਧੀ ਆਵਾਜ਼ਾਂ ਨੂੰ ਖ਼ੌਫ਼ਜ਼ਦਾ ਕਰਕੇ ਉਨ੍ਹਾਂ ਦੀ ਜ਼ੁਬਾਨਬੰਦੀ ਕਰਨਾ ਹੈ। ਕੇਂਦਰੀ ਸਭਾ ਦੇ ਅਹੁਦੇਦਾਰ ਸੁਰਿੰਦਰਪ੍ਰੀਤ ਘਣੀਆਂ , ਮਨਜੀਤ ਇੰਦਰਾ ,ਭੁਪਿੰਦਰ ਕੌਰ ਪ੍ਰੀਤ ,ਸ਼ੈਲਿੰਦਰਜੀਤ ਰਾਜਨ,ਦਲਜੀਤ ਸਿੰਘ ਸਾਹੀ, ਬਲਜਿੰਦਰ ਸੰਧੂ, ਮੂਲ ਚੰਦ ਸ਼ਰਮਾ , ਰਜਿੰਦਰ ਸਿੰਘ ਰਾਜਨ ,ਡਾ ਕਰਮਜੀਤ ਸਿੰਘ ਅਤੇ ਮਖਣ ਕੁਹਾੜ ਨੇ ਵੀ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਿੱਥੇ ਇਸ ਹਮਲੇ ਦਾ ਡੱਟ ਕੇ ਵਿਰੋਧ ਕਰਨ ਦੀ ਲੋੜ ਹੈ ਉੱਥੇ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਇਸ ਵਿਰੁੱਧ ਵਿਆਪਕ ਪੈਮਾਨੇ ‘ਤੇ ਜਨਤਕ ਲਾਮਬੰਦ ਹੋਣ ਦੀ ਵੀ ਲੋੜ ਹੈ।