ਬਾਬਾ ਬਕਾਲਾ ਸਾਹਿਬ, 18 ਸਤੰਬਰ (ਸੁਖਵਿੰਦਰ ਬਾਵਾ) : ਅੱਜ ਆਮ ਆਦਮੀ ਪਾਰਟੀ ਦੇ ਯੂਥ ਜੋਆਇੰਟ ਸਕੱਤਰ ਪੰਜਾਬ ਅਤੇ ਵਪਾਰ ਮੰਡਲ ਦੇ ਹਲਕਾ ਕੋਆਡੀਨੇਟਰ ਸੁਰਜੀਤ ਸਿੰਘ ਕੰਗ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਵਾਇਤੀ ਪਾਰਟੀਆਂ ਦੇ ਲੀਡਰਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਵਿੱਚ ਵਗਾਏ ਗਏ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਬਹੁਤ ਗੰਭੀਰ ਹਨ ਅਤੇ ਉਹਨਾਂ ਵੱਲੋਂ ਕਈ ਤਰ੍ਹਾਂ ਨਾਲ ਪਿਛਲੇ ਡੇਢ ਸਾਲ ਵਿੱਚ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ।
ਇਸ ਤਰ੍ਹਾਂ ਹੀ ਹੁਣ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਡੀ.ਐਸ.ਪੀ. ਸੁਖਵਿੰਦਰ ਸਿੰਘ, ਥਾਣਾ ਬਿਆਸ ਮੁਖੀ ਸਤਨਾਮ ਸਿੰਘ, ਥਾਣਾ ਮੁਖੀ ਖਿਲਦੀਆਂ ਬਿਕਰਮਜੀਤ ਸਿੰਘ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਸੈਮੀਨਾਰ ਲਗਾ ਕੇ ਨਸ਼ਿਆਂ ਦੇ ਕੋਹੜ ਵਿੱਚੋਂ ਨੌਜਵਾਨਾਂ ਨੂੰ ਕੱਢਣ ਲਈ ਲੋਕਾਂ ਨੂੰ ਜਾਗ੍ਰਿਤ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਪਾਸੋਂ ਸਾਥ ਮੰਗਿਆ ਜਾ ਰਿਹਾ ਹੈ। ਲੋਕਾਂ ਦੇ ਸਾਥ ਸਦਕਾ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਗਈ ਅਤੇ ਕਈ ਨਸ਼ਾ ਤਸਕਰਾਂ ਨੂੰ ਫੜਕੇ ਜੇਲ ਭੇਜਿਆ ਜਾ ਚੁੱਕਾ ਹੈ।
ਐਮ.ਐਲ.ਏ. ਦਲਬੀਰ ਸਿੰਘ ਟੋਂਗ ਅਤੇ ਡੀ.ਐਸ.ਪੀ. ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਨਸਾ ਵੇਚਣ ਅਤੇ ਖ੍ਰੀਦਣ ਵਾਲਿਆਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਵਿਅਕਤੀ ਇਹਨਾਂ ਦੇ ਹੱਕ ਵਿੱਚ ਫੋਨ ਕਰਵਾਉਂਦਾ ਹੈ ਜਾਂ ਨਸ਼ਾ ਤਸਕਰਾਂ ਦੀ ਮਦਦ ਕਰਦਾ ਹੈ ਤਾਂ ਉਸਦੇ ਖਿਲਾਫ ਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਹਲਕਾ ਬਾਬਾ ਬਕਾਲਾ ਸਾਹਿਬ ਦੇ ਲੋਕ ਪੁਲਿਸ ਵੱਲੋਂ ਕੀਤੀ ਜਾ ਰਹੀ ਨਸ਼ਾ ਤਸਕਰਾਂ ਦੇ ਖਿਲਾਫ ਇਸ ਕਾਰਵਾਈ ਤੋਂ ਬਹੁਤ ਖੁਸ ਹਨ ਅਤੇ ਆਮ ਲੋਕ ਸਰਕਾਰ ਅਤੇ ਪੁਲਿਸ ਦਾ ਇਸ ਕਾਰਵਾਈ ਲਈ ਧੰਨਵਾਦ ਦੀ ਕਰ ਰਹੇ ਹਨ।
ਇਸ ਮੌਕੇ ਸੁਰਜੀਤ ਸਿੰਘ ਕੰਗ ਨਾਲ ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ , ਸਰਵਣ ਸਿੰਘ ਸਰਾਏ, ਤੇਜਿੰਦਰ ਸਿੰਘ, ਸੰਦੀਪ ਵਿਰਦੀ, ਜਗਤਾਰ ਸਿੰਘ ਬਿੱਲਾ ਯੂਥ ਆਗੂ, ਹਰਪ੍ਰੀਤ ਸਿੰਘ ਭਿੰਡਰ, ਮੈਡਮ ਜਸਵਿੰਦਰ ਕੌਰ ਡਿਪਲ, ਰੋਸ਼ਨ ਕੁਮਾਰ, ਅਜੀਤ ਸਿੰਘ ਮਾਹਲਾ, ਅਵਤਾਰ ਸਿੰਘ ਵਿਰਕ ਆਦਿ ਆਗੂ ਹਾਜਰ ਸਨ।