ਤਰਨਤਾਰਨ, 14 ਅਗਸਤ (ਰਾਕੇਸ਼ ਨਈਅਰ) : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸੋਮਵਾਰ ਨੂੰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਲੁਹਾਰ ਵਿਖੇ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਦੇ ਨਜ਼ਦੀਕ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ,ਜਿਸ ਵਿਚ 13 ਅਗਸਤ ਨੂੰ ਸ਼ਾਮ ਵੇਲੇ ਇੱਕ 2 ਸਾਲ ਦੇ ਬੱਚੇ ਗੁਰਸੇਵਕ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਰੈਸੀ਼ਆਨਾ ਨੂੰ ਕਾਰ ਸਵਾਰ ਕੁੱਝ ਵਿਅਕਤੀ ਉਸ ਦੇ ਪਿਤਾ ਦੇ ਹੱਥਾਂ ਵਿਚੋਂ ਹੀ ਖੋਹ ਕੇ ਅਗਵਾ ਕਰਕੇ ਲੈ ਗਏ। ਜਿਸ ਸੰਬੰਧੀ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਕਾਰਗੁਜ਼ਾਰੀ ਨਹੀਂ ਦਿਖਾਈ ਗਈ ਜ਼ੋ ਕਿ ਬਹੁਤ ਹੀ ਅਤਿ ਨਿੰਦਣਯੋਗ ਘਟਨਾ ਹੈ।
ਸ.ਬ੍ਰਹਮਪੁਰਾ ਨੇ ਕਿਹਾ ਕਿ ਉਸ ਸਮੇਂ ਇੱਕ ਪਿਤਾ ‘ਤੇ ਕੀ ਬੀਤ ਰਹੀ ਹੋਵੇਗੀ ਜਦ ਲੁਟੇਰੇ ਉਸਦੇ ਪੁੱਤਰ ਨੂੰ ਉਸਦੇ ਹੀ ਹੱਥਾਂ ਵਿਚੋਂ ਖੋਹ ਕੇ ਉਸਨੂੰ ਅਗਵਾ ਕਰਕੇ ਲੈ ਗਏ ਹੋਣਗੇ।ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਇਸ ਮੌਕੇ ਬ੍ਰਹਮਪੁਰਾ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।ਜਿਸ ਕਰਕੇ ਸੂਬੇ ਅੰਦਰ ਅਜਿਹੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਹਨ।ਸ.ਬ੍ਰਹਮਪੁਰਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਵੱਲ ਖਾਸ ਧਿਆਨ ਦਿੱਤਾ ਜਾਵੇ ਅਤੇ ਖ਼ਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਪੈਟਰੋਲਿੰਗ ਕਰਨ ਵਾਲੀਆਂ ਟੀਮਾਂ ਦੀ ਚੌਕਸੀ ਵਧਾਈ ਜਾਵੇ।
ਇਸ ਮੌਕੇ ਸ.ਬ੍ਰਹਮਪੁਰਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਗਵਾ ਕੀਤੇ ਗਏ ਬੱਚੇ ਦੀ ਜ਼ਲਦ ਤੋਂ ਜ਼ਲਦ ਭਾਲ ਕਰਕੇ ਇਸ ਮਸਲੇ ਨਾਲ ਸਬੰਧਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜ਼ੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਹੋਣ ਤੋਂ ਬਚ ਸਕਣ।ਇਸ ਮੌਕੇ ਸ.ਬ੍ਰਹਮਪੁਰਾ ਨਾਲ ਸੀਨੀਅਰ ਟਕਸਾਲੀ ਅਕਾਲੀ ਆਗੂ ਸਤਨਾਮ ਸਿੰਘ ਸੱਤਾ ਮੈਂਬਰ ਬਲਾਕ ਸੰਮਤੀ ਚੋਹਲਾ ਸਾਹਿਬ,ਦਿਲਬਾਗ ਸਿੰਘ ਸਾਬਕਾ ਸਰਪੰਚ ਕਾਹਲਵਾਂ, ਸੁਖਜਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਪੱਖੋਪੁਰ, ਬਲਬੀਰ ਸਿੰਘ ਬੱਲੀ,ਯੂਥ ਆਗੂ ਜਗਰੂਪ ਸਿੰਘ ਪੱਖੋਪੁਰ ਅਤੇ ਹੋਰ ਮੋਹਤਬਰ ਸੱਜਣ ਹਾਜ਼ਰ ਸਨ।