ਤਰਨਤਾਰਨ, 08 ਅਗਸਤ (ਰਾਕੇਸ਼ ਨਈਅਰ) : ਪੰਜਾਬ ‘ਚ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਨੇ ਕਿਸਾਨਾਂ ਦੀਆਂ ਫਸਲਾਂ ਅਤੇ ਘਰਾਂ ਨੂੰ ਜਿਥੇ ਤਬਾਹ ਕਰ ਦਿੱਤਾ ਹੈ,ਉਥੇ ਕਿਸਾਨ ਹੁਣ ਤੱਕ ਇਸ ਹੜ੍ਹਾਂ ਦੀ ਮਾਰ ਤੋਂ ਉਭਰ ਨਹੀਂ ਸਕੇ।ਕੇਂਦਰ ਸਰਕਾਰ ਵਲੋਂ ਆਪਣਾ ਫਰਜ਼ ਨਿਭਾਉਂਦਿਆਂ ਹੜ੍ਹ ਪੀੜਤ ਕਿਸਾਨਾਂ ਲਈ 218 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ,ਤਾਂ ਜੋ ਕਿਸਾਨ ਫਿਰ ਤੋਂ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ।ਪਰ ਸੂਬਾ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਬਜਾਏ ਕੇਂਦਰ ਸਰਕਾਰ ਵਲੋਂ ਭੇਜੀ ਗਈ 218 ਕਰੋੜ ਦੀ ਗ੍ਰਾਂਟ ਨੂੰ ਦੱਬੀ ਬੈਠੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਵਲੋਂ ਯੁਵਾ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਤਰੁਣ ਜੋਸ਼ੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਹੋਈ ਤਬਾਹੀ ਦੀ ਕੋਈ ਵੀ ਭਰਪਾਈ ਨਹੀਂ ਕਰ ਸਕਦਾ,ਪਰ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦੀ ਇਸ ਮੁਸੀਬਤ ਦੀ ਘੜੀ ਵਿੱਚ ਅੱਗੇ ਹੋ ਕੇ ਸਾਥ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦੇ ਹੋਏ ਥੱਕਦੇ ਨਹੀਂ ਸਨ ਕਿ ਅਣਸੁਖਾਵੀਂ ਘਟਨਾ ਵਾਪਰੇ ਤਾਂ ਉਹ ਗਿਰਦਾਵਰੀਆਂ ਦੇ ਚੱਕਰ ਵਿੱਚ ਪੈਣ ਦੀ ਬਜਾਏ ਕਿਸਾਨਾਂ ਨੂੰ ਸਿੱਧਾ ਮੁਆਵਜ਼ਾ ਦੇਣਗੇ। ਉਨ੍ਹਾਂ ਕਿਹਾ ਕਿ ਘੱਗਰ,ਬਿਆਸ, ਸਤਲੁਜ,ਰਾਵੀ ਵਰਗੇ ਦਰਿਆਵਾਂ ਦੇ ਪਾਣੀ ਨਾਲ ਤਬਾਹ ਹੋਏ ਕਿਸਾਨਾਂ ਦੀ ਅਜੇ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਬਾਂਹ ਨਹੀਂ ਫੜੀ।
ਉਨ੍ਹਾਂ ਮੰਗ ਕੀਤੀ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਲਈ ਭੇਜੀ ਗਈ 218 ਕਰੋੜ ਰੁਪਏ ਦੀ ਗ੍ਰਾਂਟ ਰਾਸ਼ੀ ਪੰਜਾਬ ਸਰਕਾਰ ਤੁਰੰਤ ਕਿਸਾਨਾਂ ਲਈ ਜਾਰੀ ਕਰੇ ਤਾਂ ਜੋ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਕਿਸਾਨ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ।ਇਸ ਮੌਕੇ ਉਨ੍ਹਾਂ ਨਾਲ ਯੁਵਾ ਭਾਜਪਾ ਆਗੂ ਪੰਜਾਬ ਤਰੁਣ ਜੋਸ਼ੀ ਤਰਨਤਾਰਨ ਤੋਂ ਇਲਾਵਾ ਨਰਿੰਦਰਪਾਲ ਸਿੰਘ ਢਿੱਲੋਂ ਸਾਬਕਾ ਜਨਰਲ ਸਕੱਤਰ ਯੁਵਾ ਮੋਰਚਾ,ਆਸ਼ੂ ਅੰਬਾਂ ਆਗੂ ਯੁਵਾ ਮੋਰਚਾ ਆਦਿ ਹਾਜ਼ਰ ਸਨ।